ਬਿਜਲੀ ਫ਼ਰੀ, ਫਿਰ ਵੀ ਕੁੰਡੀਆਂ ਦੀ ਭਰਮਾਰ: ਵਿਭਾਗੀ ਅਮਲੇ ਦੀ ਮਿਲੀਭੁਗਤ ਨਾਲ ਚੱਲ ਰਿਹਾ ‘ਅੰਧੇਰ ਨਗਰੀ ਚੌਪਟ ਰਾਜ

Spread the love
ਫਿਰੋਜ਼ਪੁਰ, 9 ਜੁਲਾਈ (ਅਸ਼ੋਕ ਭਾਰਦਵਾਜ) ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦੇਣ ਦੇ ਬਾਵਜੂਦ, ਬਿਜਲੀ ਚੋਰੀ ਅਤੇ ‘ਕੁੰਡੀ ਕਲਚਰ’ ਨੂੰ ਨੱਥ ਪਾਉਣ ਵਿੱਚ ਬਿਜਲੀ ਵਿਭਾਗ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ। ਹੈਰਾਨੀ ਦੀ ਗੱਲ ਸੂਤਰਾਂ ਦੇ ਹਵਾਲੇ ਤੋਂ ਇਹ ਸਾਹਮਣੇ ਆਈ ਹੈ ਕਿ ਇਸ ਨਾਕਾਮੀ ਪਿੱਛੇ ਕੋਈ ਮਜਬੂਰੀ ਨਹੀਂ, ਸਗੋਂ ਬਿਜਲੀ ਮਹਿਕਮੇ ਦੇ ਕੁਝ ਭ੍ਰਿਸ਼ਟ ਅਮਲੇ ਦੀ ਸਿੱਧੀ ਮਿਲੀਭੁਗਤ ਅਤੇ ਸ਼ਹਿ ਕੰਮ ਕਰ ਰਹੀ ਹੈ। ਵਿਭਾਗ ਦੇ ਕਈ ਮੁਲਾਜ਼ਮ ਅਤੇ ਅਧਿਕਾਰੀ ਨਿਯਮਾਂ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਆਪਣੀਆਂ ਜੇਬਾਂ ਗਰਮ ਕਰਨ ਵਿੱਚ ਮਸਤ ਹਨ, ਜਿਸ ਕਾਰਨ ਇਮਾਨਦਾਰ ਉਪਭੋਗਤਾ ਅਤੇ ਸਰਕਾਰੀ ਖ਼ਜ਼ਾਨਾ ਦੋਵੇਂ ਪਿਸ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਮਹਿਕਮੇ ਵੱਲੋਂ ਡਿਫਾਲਟਰਾਂ ਦੇ ਮੀਟਰ ਕੱਟਣ ਦੀ ਕਾਰਵਾਈ ਮਹਿਜ਼ ਇੱਕ ਦਿਖਾਵਾ ਬਣ ਕੇ ਰਹਿ ਗਈ ਹੈ। ਦਿਨ ਵੇਲੇ ਜਿਨ੍ਹਾਂ ਡਿਫਾਲਟਰਾਂ ਦੇ ਮੀਟਰ ਬਿੱਲ ਨਾ ਭਰਨ ਕਰਕੇ ਕੱਟੇ ਜਾਂਦੇ ਹਨ, ਰਾਤ ਹੁੰਦਿਆਂ ਹੀ ਮਹਿਕਮੇ ਦਾ ਅਮਲਾ ਮੋਟੀਆਂ ਰਕਮਾਂ ਵਸੂਲ ਕੇ ਉਨ੍ਹਾਂ ਮੀਟਰਾਂ ਨੂੰ ਦੁਬਾਰਾ ਚਾਲੂ ਕਰ ਦਿੰਦਾ ਹੈ ਜਾਂ ਬਿਨਾਂ ਕਿਸੇ ਰਿਕਾਰਡ ਦੇ ਸਿੱਧੀਆਂ ਕੁੰਡੀਆਂ ਲਗਵਾ ਦਿੰਦਾ ਹੈ। ਬਗੈਰ ਬਿੱਲ ਭਰੇ ਬਿਜਲੀ ਦੀ ਨਿਰਵਿਘਨ ਸਪਲਾਈ ਚੱਲਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਮਹਿਕਮੇ ਦੇ ਅੰਦਰ ਹੀ ‘ਕਾਲਾ ਬਾਜ਼ਾਰ’ ਚੱਲ ਰਿਹਾ ਹੈ। ਗ਼ੈਰ-ਕਾਨੂੰਨੀ ਧੰਦਾ ਇੱਥੇ ਹੀ ਨਹੀਂ ਰੁਕਦਾ। ਨਿਯਮਾਂ ਮੁਤਾਬਕ ਕਿਸੇ ਵੀ ਬਿਜਲੀ ਦੇ ਖੰਭੇ (ਪੋਲ) ਨੂੰ ਇੱਧਰ-ਉੱਧਰ ਕਰਨ ਲਈ ਬਕਾਇਦਾ ਸਰਕਾਰੀ ਐਸਟੀਮੇਟ ਬਣਦਾ ਹੈ ਅਤੇ ਫੀਸ ਜਮ੍ਹਾਂ ਹੁੰਦੀ ਹੈ। ਪਰ ਇੱਥੇ ਮਹਿਕਮੇ ਦਾ ਅਮਲਾ ਆਪਣੀ ਮਰਜ਼ੀ ਦਾ ਮਾਲਕ ਬਣਿਆ ਬੈਠਾ ਹੈ। ਵਾਧੂ ਪੈਸੇ ਲੈ ਕੇ ਬਿਨਾਂ ਕਿਸੇ ਸਰਕਾਰੀ ਕਾਗਜ਼ੀ ਕਾਰਵਾਈ ਜਾਂ ਐਸਟੀਮੇਟ ਦੇ, ਖੰਭੇ ਇੱਕ ਜਗ੍ਹਾ ਤੋਂ ਪੁੱਟ ਕੇ ਦੂਜੀ ਜਗ੍ਹਾ ਤਬਦੀਲ ਕੀਤੇ ਜਾ ਰਹੇ ਹਨ। ਇਹ ਸਿੱਧੇ ਤੌਰ ‘ਤੇ ਸਰਕਾਰੀ ਨਿਯਮਾਂ ਦੀ ਉਲੰਘਣਾ ਅਤੇ ਵੱਡੀ ਲਾਪਰਵਾਹੀ ਹੈ, ਜੋ ਕਿਸੇ ਵੇਲੇ ਵੀ ਕਿਸੇ ਭਿਆਨਕ ਹਾਦਸੇ ਨੂੰ ਸੱਦਾ ਦੇ ਸਕਦੀ ਹੈ। ਸ਼ਹਿਰ ਦੇ ਚਾਰੋ ਤਰਫ਼ ਨਜ਼ਰ ਮਾਰੀਏ ਤਾਂ ਰੇਹੜੀ-ਫੜੀ ਵਾਲਿਆਂ ਤੋਂ ਇਲਾਵਾ ਕੁਝ ਕੁ ਰਸੂਖਦਾਰ ਲੋਕ ਵੀ ਇਹਨਾਂ ਕੁੰਡੀਆਂ ਨੂੰ ਲਗਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਰਾਤ ਦੇ ਸਮੇਂ ਸ਼ਹਿਰ ਦੀਆਂ ਮੇਨ ਸੜਕਾਂ ਦੇ ਆਲੇ-ਦੁਆਲੇ ਰੇਹੜੀ-ਫੜੀਆਂ ਦੀ ਆੜ ਵਿੱਚ ਕੁਝ ਲੋਕ ਆਪਣੇ ਅੱਡਿਆਂ ‘ਤੇ ਖਾਣ-ਪੀਣ ਦਾ ਸਾਮਾਨ ਵੇਚਦੇ ਹਨ। ਇਹ ਸਾਰੇ ਲੋਕ ਬਿਜਲੀ ਵਿਭਾਗ ਦੇ ਅਮਲੇ ਦੀ ਕ੍ਰਿਪਾ ਸਦਕਾ ਸ਼ਰੇਆਮ ‘ਫ੍ਰੀ ਦੀ ਬਿਜਲੀ’ ਲੁੱਟਣ ਵਿੱਚ ਮਸ਼ਰੂਫ਼ ਹਨ। ਸੜਕਾਂ ਕਿਨਾਰੇ ਲੱਗਣ ਵਾਲੇ ਇਹਨਾਂ ਅੱਡਿਆਂ ਤੋਂ ਹੋਣ ਵਾਲੀ ਨਜਾਇਜ਼ ਉਗਰਾਹੀ ਸਿੱਧੀ ਭ੍ਰਿਸ਼ਟ ਮੁਲਾਜ਼ਮਾਂ ਦੀਆਂ ਜੇਬਾਂ ਵਿੱਚ ਜਾ ਰਹੀ ਹੈ। ਲੋਕਾਂ ਦੇ ਟੈਕਸ ਦੇ ਪੈਸੇ ਨਾਲ ਚੱਲਣ ਵਾਲਾ ਇਹ ਮਹਿਕਮਾ ਅੱਜ ਕੁਝ ਭ੍ਰਿਸ਼ਟ ਮੁਲਾਜ਼ਮਾਂ ਦੀ ਅੰਨ੍ਹੀ ਕਮਾਈ ਦਾ ਅੱਡਾ ਬਣ ਚੁੱਕਾ ਹੈ। ਜਦੋਂ ਸਰਕਾਰ ਵੱਲੋਂ ਬਿਜਲੀ ਫ਼ਰੀ ਹੈ, ਤਾਂ ਫਿਰ ਇਹਨਾਂ ਨਜਾਇਜ਼ ਕੁੰਡੀਆਂ ਦਾ ਕੀ ਮਤਲਬ? ਜਵਾਬ ਸਾਫ਼ ਹੈ—ਕਿਉਂਕਿ ਕੁੰਡੀ ਲਗਵਾਉਣ ਬਦਲੇ ਮੁਲਾਜ਼ਮਾਂ ਦੇ ਘਰਾਂ ਵਿੱਚ ‘ਸਿੱਧੀ ਮਾਇਆ’ ਪਹੁੰਚਦੀ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਬਿਜਲੀ ਵਿਭਾਗ ਦਾ ਅਮਲਾ ਇਸ ਵੇਲੇ ‘ਚੰਮ ਦੀਆਂ ਚਲਾ ਰਿਹਾ ਹੈ’। ਉਨ੍ਹਾਂ ਨੂੰ ਨਾ ਤਾਂ ਸਰਕਾਰ ਦੇ ਹੁਕਮਾਂ ਦਾ ਕੋਈ ਡਰ ਹੈ ਅਤੇ ਨਾ ਹੀ ਕਾਨੂੰਨ ਦਾ ਕੋਈ ਖ਼ੌਫ਼। ਉੱਚ ਅਧਿਕਾਰੀਆਂ ਨੇ ਅੱਖਾਂ ‘ਤੇ ਪੱਟੀ ਬੰਨ੍ਹੀ ਹੋਈ ਹੈ, ਜਿਸ ਕਾਰਨ ਹੇਠਲਾ ਅਮਲਾ ਸ਼ਰੇਆਮ ਲੁੱਟ-ਖਸੁੱਟ ਦਾ ਬਾਜ਼ਾਰ ਗਰਮ ਕਰਕੇ ਬੈਠਾ ਹੈ। ਇਮਾਨਦਾਰੀ ਨਾਲ ਟੈਕਸ ਅਤੇ ਬਿੱਲ ਭਰਨ ਵਾਲੇ ਲੋਕ ਹੁਣ ਇਹ ਪੁੱਛ ਰਹੇ ਹਨ ਕਿ ਆਖਰ ਇਸ ਭ੍ਰਿਸ਼ਟਾਚਾਰ ‘ਤੇ ਨੱਥ ਕਦੋਂ ਪਾਈ ਜਾਵੇਗੀ? ਕੀ ਉੱਚ ਅਧਿਕਾਰੀ ਅਤੇ ਸੂਬਾ ਸਰਕਾਰ ਇਸ ਗੋਰਖਧੰਦੇ ਦਾ ਗੰਭੀਰ ਨੋਟਿਸ ਲੈਣਗੇ ਜਾਂ ਫਿਰ ਇਹ ਅੰਧੇਰਗਰਦੀ ਇਵੇਂ ਹੀ ਸ਼ਰੇਆਮ ਚੱਲਦੀ ਰਹੇਗੀ।
  • Related Posts

    ਸਤਲੁਜ ਫਿਲਮ ਨੂੰ ਰਿਲੀਜ਼ ਕਰਨ ਦੀ ਮੰਗ- ਸਿੱਖ ਨੌਜਵਾਨਾਂ ਦੇ ਇਤਿਹਾਸ ਨੂੰ ਸਾਹਮਣੇ ਲਿਆਉਣ ਦੀ ਕੀਤੀ ਅਪੀਲ: ਜਗਜੀਤ ਸਿੰਘ ਹਨੀ ਫਤਣਵਾਲਾ-

    Spread the love

    Spread the love ਸ੍ਰੀ ਮੁਕਤਸਰ ਸਾਹਿਬ, 09 ਜੁਲਾਈ (ਮਨਜੀਤ ਸਿੱਧੂ):- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫਤਣਵਾਲਾ ਨੇ ਦਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਨੂੰ ਓਟੀਟੀ ਪਲੇਟਫਾਰਮ…

    ਨੈਕਸਸ ਅੰਮ੍ਰਿਤਸਰ ਵਿੱਚ ‘ਪਰਪਲ ਡੇ ਸੇਲ’ ਦੀ ਸ਼ੁਰੂਆਤ

    Spread the love

    Spread the loveਅੰਮ੍ਰਿਤਸਰ, 9 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )  ਗੁਰੂ ਨਗਰੀ ਦੇ ਪ੍ਰਸਿੱਧ ਮਾਲ ਨੈਕਸਸ ਅੰਮ੍ਰਿਤਸਰ ਵਿੱਚ 10 ਤੋਂ 12 ਜੁਲਾਈ ਤੱਕ ਹੋਣ ਵਾਲੀ ‘ਪਰਪਲ ਡੇ ਸੇਲ’ ਦੌਰਾਨ ਗਾਹਕਾਂ ਨੂੰ ਵੱਖ-ਵੱਖ…

    Leave a Reply

    Your email address will not be published. Required fields are marked *