ਨਵਾਂਸ਼ਹਿਰ , 13 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ):ਵਿਧਾਨ ਸਭਾ ਹਲਕਾ ਬਲਾਚੌਰ ਦੇ ਸਿਆਸੀ ਹਲਕਿਆਂ ਵਿੱਚ ਉਸ ਵੇਲੇ ਸਰਗਰਮੀਆਂ ਹੋਰ ਤੇਜ਼ ਹੋ ਗਈਆਂ ਜਦੋਂ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਮੌਜੂਦਾ ਸਿਆਸੀ ਹਾਲਾਤ ‘ਤੇ ਡੂੰਘੀ ਚਰਚਾ ਛੇੜ ਕੀਤੀ। ਇਸ ਮੌਕੇ ਸੀਨੀਅਰ ਆਗੂਆਂ, ਜਿਨ੍ਹਾਂ ਵਿੱਚ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ , ਕੁਲਵਿੰਦਰ ਮੰਡ ਅਤੇ ਗਿੰਦੀ ਰੱਤੇਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ, ਨੇ ਹਲਕੇ ਦੀ ਸਿਆਸਤ ਅਤੇ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਆਗੂਆਂ ਨੇ ਇੱਕਸੁਰ ਹੁੰਦਿਆਂ ਆਖਿਆ ਕਿ ਅੱਜ ਦੇ ਮੌਜੂਦਾ ਦੌਰ ਵਿੱਚ ਜੇਕਰ ਵਿਧਾਨ ਸਭਾ ਹਲਕਾ ਬਲਾਚੌਰ ਅੰਦਰ ਕਾਂਗਰਸ ਪਾਰਟੀ ਦੀ ਆਵਾਜ਼ ਨੂੰ ਪੂਰੀ ਬੁਲੰਦੀ ਨਾਲ ਲੋਕਾਂ ਦੀ ਕਚਹਿਰੀ ਵਿੱਚ ਰੱਖਣ ਵਾਲਾ ਕੋਈ ਇੱਕੋ-ਇੱਕ ਸਿਰਕੱਢ ਚਿਹਰਾ ਹੈ, ਤਾਂ ਉਹ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ ਹਨ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਪਾਰਟੀ ਦਾ ਪਰਚਮ ਉੱਚਾ ਰੱਖਿਆ ਹੋਇਆ ਹੈ।ਇਸ ਮੌਕੇ ਹਾਜ਼ਰ ਸੀਨੀਅਰ ਆਗੂਆਂ ਨੇ ਚੌਧਰੀ ਅਜੇ ਮੰਗੂਪੁਰ ਦੀ ਲੋਕ-ਪੱਖੀ ਸੋਚ ਅਤੇ ਕਾਰਜਸ਼ੈਲੀ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਮੰਗੂਪੁਰ ਨੇ ਹਲਕੇ ਦੇ ਹਰ ਇੱਕ ਨਾਗਰਿਕ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਮੋਹਰੀ ਹੋ ਕੇ ਸਾਥ ਦਿੱਤਾ ਹੈ। ਉਨ੍ਹਾਂ ਆਖਿਆ ਕਿ ਚੌਧਰੀ ਮੰਗੂਪੁਰ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਪਾਰਟੀਬਾਜ਼ੀ ਅਤੇ ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਹਰ ਵਰਗ ਦੇ ਲੋਕਾਂ ਦੀ ਮਦਦ ਕਰਦੇ ਹਨ, ਜਿਸ ਸਦਕਾ ਅੱਜ ਉਨ੍ਹਾਂ ਨੇ ਇਲਾਕੇ ਵਿੱਚ ਆਪਣੀ ਇੱਕ ਵਿਲੱਖਣ ਅਤੇ ਮਜ਼ਬੂਤ ਪਛਾਣ ਬਣਾਈ ਹੈ। ਅੱਜ ਸਥਿਤੀ ਇਹ ਹੈ ਕਿ ਚਾਹੇ ਕੋਈ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ, ਉਹ ਚੌਧਰੀ ਅਜੇ ਮੰਗੂਪੁਰ ਦੀ ਮਿਲਾਪੜੀ ਅਤੇ ਨਿਰਪੱਖ ਸ਼ਖਸੀਅਤ ਸਦਕਾ ਉਨ੍ਹਾਂ ਨੂੰ ਤਹਿ ਦਿਲੋਂ ਪਿਆਰ ਅਤੇ ਸਤਿਕਾਰ ਦਿੰਦਾ ਹੈ। ਆਗੂਆਂ ਨੇ ਦੁਹਰਾਇਆ ਕਿ ਹਲਕੇ ਅੰਦਰ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਵਿੱਚ ਜ਼ਿਲ੍ਹਾ ਪ੍ਰਧਾਨ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਬੇਮਿਸਾਲ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਹਲਕੇ ਅੰਦਰ ਹੋਰ ਵੱਡੀਆਂ ਮੱਲਾਂ ਮਾਰੇਗੀ।





