ਸ੍ਰੀ ਮੁਕਤਸਰ ਸਾਹਿਬ , 20 ਨਵੰਬਰ ( ਮਨਪ੍ਰੀਤ ਮੋਨੂੰ )- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੀਆਂ ਆਗੂਆਂ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੇ ਅੱਗੇ ਪਿਛਲੇਂ 9 ਦਿਨਾਂ ਤੋਂ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਆਪਣੀ ਬਹਾਲੀ ਨੂੰ ਲੈ ਕੇ ਮਰਨ ਵਰਤ ਤੇ ਬੈਠੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦਾ ਮਰਨ ਵਰਤ ਉਹਨਾਂ ਨੂੰ ਅਪੀਲ ਕਰਕੇ ਖਤਮ ਕਰਵਾ ਦਿੱਤਾ ਅਤੇ ਧਰਨਾ ਵੀ ਖ਼ਤਮ ਕਰ ਦਿੱਤਾ ਗਿਆ । ਜ਼ਿਕਰਯੋਗ ਹੈ ਕਿ ਏ ਡੀ ਸੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਬਣੀ ਕਮੇਟੀ ਨੇ ਹਰਗੋਬਿੰਦ ਕੌਰ ਦੀ ਬਹਾਲੀ ਵਾਲੇ ਫੈਸਲੇ ਦੀ ਰਿਪੋਰਟ ਅੱਜ ਛੁੱਟੀ ਵਾਲੇ ਦਿਨ ਹੀ ਜਥੇਬੰਦੀ ਦੀਆਂ ਆਗੂਆਂ ਨੂੰ ਦੇ ਦਿੱਤੀ । ਇਸੇ ਮਸਲੇ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ । ਭਾਵੇਂ ਕਮੇਟੀ ਦਾ ਫੈਸਲਾ ਨਾਂਹ ਪੱਖੀ ਹੈ ਤੇ ਇਸ ਕਮੇਟੀ ਨੇ ਸੀ ਡੀ ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਹਰਗੋਬਿੰਦ ਕੌਰ ਦੀਆਂ ਖਤਮ ਕੀਤੀਆਂ ਗਈਆਂ ਸੇਵਾਵਾਂ ਨੂੰ ਸਹੀ ਦੱਸਿਆ ਹੈ । ਪਰ ਜਥੇਬੰਦੀ ਦਾ ਕਹਿਣਾ ਸੀ ਕਿ ਪਿਛਲੇਂ ਲਗਭਗ ਪੰਜ ਮਹੀਨਿਆਂ ਤੋਂ ਏ ਡੀ ਸੀ ਇਸ ਸਬੰਧੀ ਕੋਈ ਫੈਸਲਾ ਨਹੀਂ ਦੇ ਰਹੇ ਸਨ । ਜਿੰਨੀ ਦੇਰ ਉਕਤ ਕਮੇਟੀ ਕੋਈ ਜਵਾਬ ਨਹੀਂ ਦਿੰਦੀ ਸੀ ਉਨੀ ਦੇਰ ਮਾਨਯੋਗ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਨਹੀਂ ਕੀਤੀ ਜਾ ਸਕਦੀ । ਮੀਡੀਆ ਨਾਲ ਗੱਲਬਾਤ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਆਪਣੇ ਬਹਾਲੀ ਦੇ ਮਸਲੇ ਨੂੰ ਲੈ ਕੇ ਮਾਨਯੋਗ ਹਾਈਕੋਰਟ ਦਾ ਦਰਵਾਜਾ ਖੜਕਾਉਣਗੇ । ਉਹ ਬੇਕਸੂਰ ਹਨ ਤੇ 34 ਸਾਲ ਮਹਿਕਮੇ ਵਿੱਚ ਇਮਾਨਦਾਰੀ ਨਾਲ ਡਿਊਟੀ ਨਿਭਾਈ ਹੈ । ਉਹਨਾਂ ਕਿਹਾ ਕਿ ਧਰਨਾ ਭਾਵੇਂ ਅੱਜ ਖਤਮ ਕੀਤਾ ਗਿਆ ਹੈ ਪਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਲਈ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ । ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਗਰੇਡ ਦਿੱਤੇ ਜਾਣ । ਸਾਲ 2017 ਤੋਂ ਖੋਹੇ ਹੋਏ ਆਂਗਣਵਾੜੀ ਸੈਂਟਰਾਂ ਦੇ ਬੱਚੇ ਵਾਪਸ ਦਿੱਤੇ ਜਾਣ ਅਤੇ ਵਰਕਰਾਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਜਾਣ । ਆਂਗਣਵਾੜੀ ਸੈਂਟਰਾਂ ਵਿੱਚ ਲਾਭਪਾਤਰੀਆਂ ਲਈ ਭੇਜਿਆ ਜਾ ਰਿਹਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਦੀ ਥਾਂ
ਸਰਕਾਰੀ ਅਦਾਰਿਆਂ ਵੇਰਕਾ ਰਾਹੀਂ ਭੇਜਿਆ ਜਾਵੇ ਕਿਉਂਕਿ ਪ੍ਰਾਈਵੇਟ ਕੰਪਨੀਆਂ ਵੱਲੋਂ ਭੇਜਿਆ ਜਾ ਰਿਹਾ ਰਾਸ਼ਨ ਬੇਹੱਦ ਖਰਾਬ ਹੈ । ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ , ਗੁਰਮੀਤ ਕੌਰ ਗੋਨੇਆਣਾ , ਮਹਿੰਦਰ ਕੌਰ ਪੱਤੋ ਮੋਗਾ , ਗੁਰਮੀਤ ਕੌਰ ਦਬੜੀਖਾਨਾ , ਸ਼ੀਲਾ ਦੇਵੀ ਤੱਲੇਵਾਲਾ ਫਿਰੋਜ਼ਪੁਰ , ਦਲਜੀਤ ਕੌਰ ਬਰਨਾਲਾ , ਬਲਵਿੰਦਰ ਕੌਰ ਮਾਨਸਾ , ਮਨਜੀਤ ਕੌਰ ਫਿਰੋਜ਼ਪੁਰ , ਮਨਪ੍ਰੀਤ ਕੌਰ ਸਿਵੀਆ , ਬਲਵੀਰ ਕੌਰ ਭੋਖੜਾ , ਲੀਲਾ ਵੰਤੀ ਬਠਿੰਡਾ , ਪਰਮਜੀਤ ਕੌਰ ਰੁਲਦੂ ਵਾਲਾ , ਵੀਰਪਾਲ ਕੌਰ ਭਾਗਸਰ ,ਸੁਰਿੰਦਰ ਕੌਰ ਝੁਨੀਰ , ਇੰਦਰਜੀਤ ਕੌਰ ਨਿਹਾਲ ਸਿੰਘ ਵਾਲਾ , ਗੁਰਮੇਲ ਕੌਰ ਝੁਨੀਰ , ਸ਼ਿੰਦਰਪਾਲ ਕੌਰ ਜਲਾਲਾਬਾਦ , ਪਰਮਿੰਦਰ ਕੌਰ ਸ਼ੇਰ ਖਾਂ , ਰਾਜ ਕੌਰ ਘੱਲ ਖੁਰਦ , ਹਰਦਵਿੰਦਰ ਕੌਰ ਪੰਨੀਵਾਲਾ ਫੱਤਾ , ਸੁਖਵਿੰਦਰ ਕੌਰ ਔਲਖ , ਪਰਮਜੀਤ ਕੌਰ ਜਵਾਹਰੇਵਾਲਾ ਅਤੇ ਰਾਜਿੰਦਰ ਕੌਰ ਮੁਕਤਸਰ ,ਸਰਬਜੀਤ ਕੌਰ ਚੱਕ ਕਾਲਾ ਸਿੰਘ ਵਾਲਾ , ਨਰਿੰਦਰ ਕੌਰ ਕੋਟਲੀ ਸੰਘਰ ਆਦਿ ਆਗੂ ਮੌਜੂਦ ਸਨ ।






