ਸਾਈਬਰ ਕ੍ਰਾਈਮ ਠੱਗਾਂ ਤੋਂ ਬਚਣ ਲਈ 1930 ਤੇ ਕਰੋ ਫੋਨ-ਡੀਐਸਪੀ
ਮਾਛੀਵਾੜਾ ਸਾਹਿਬ- 27 ਨਵੰਬਰ (ਸੁੱਚਾ ਬੰਗੜ)-ਅਜੋਕੇ ਯੁੱਗ ਵਿੱਚ ਲੋਕਾਂ ਨੇ ਠੱਗੀ ਕਰਨ ਦੇ ਅਨੋਖੇ ਤੇ ਨਵੇਂ ਢੰਗ ਲੱਭ ਲਏ ਹਨ। ਜੋ ਬੜੇ ਚਲਾਕੀ ਦੇ ਨਾਲ ਸਾਡੇ ਕੋਲੋਂ ਹੀ ਸਾਡੀ ਬੈਂਕ ਡਿਟੇਲ ਲੈ ਕੇ ਸਾਡੇ ਖਾਤਿਆਂ ਨੂੰ ਖਾਲੀ ਕਰ ਦਿੰਦੇ ਹਨ। ਇਸ ਸਬੰਧੀ ਮਾਛੀਵਾੜਾ ਥਾਣੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਜਿਲ੍ਹਾ ਖੰਨਾ ਦੇ ਡੀ.ਐਸ.ਪੀ. ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਾਈਬਰ ਠੱਗਾਂ ਨੇ ਠੱਗੀ ਕਰਨ ਦੇ ਨਿਵੇਕਲੇ ਢੰਗਾਂ ਤੋਂ ਲੋਕ ਬੜੇ ਪਰੇਸ਼ਾਨ ਹਨ। ਆਏ ਦਿਨ ਇਨ੍ਹਾਂ ਠੱਗੀ ਦੀਆ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਠੱਗ ਇੰਨੇ ਚਤੁਰ ਤੇ ਚਲਾਕ ਹਨ ਕਿ ਵੱਖ-ਵੱਖ ਨੰਬਰਾਂ ਤੋਂ ਫੋਨ ਕਰਦੇ ਹਨ, ਸਾਨੂੰ ਲਾਟਰੀ ਨਿਕਲਣ ਦਾ ਲਾਲਚ ਦਿੰਦੇ ਹਨ ਤੇ ਫਿਰ ਸਾਡੇ ਆਧਾਰ ਕਾਰਡ ਦੀ ਡਿਟੇਲ ਲੈ ਕੇ ਸਾਡੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਰਕਮ ਉੜਾ ਲੈ ਜਾਂਦੇ ਹਨ। ਉਨਾਂ ਦੱਸਿਆ ਕਿ ਕਈ ਫੋਨ ਕਾਲਾਂ ਤਾਂ ਨੌਜਵਾਨ ਲੜਕੀਆਂ ਕਰਦੀਆਂ ਹਨ ਤੇ ਉਹ ਵੀ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਬਾਅਦ ਵਿੱਚ ਬਲੈਕਮੇਲ ਕਰਦੀਆਂ ਹਨ । ਕਈ ਅਜਿਹੇ ਫੋਨ ਕਾਲ ਵੀ ਆਉਂਦੇ ਹਨ ਜੋ ਕਹਿੰਦੇ ਹਨ ਕਿ ਤੁਹਾਡਾ ਬੱਚਾ ਕਿਸੇ ਭਾਰੀ ਮੁਸੀਬਤ ਵਿੱਚ ਫਸਿਆ ਹੋਇਆ ਹੈ ਉਸ ਨੂੰ ਮੁਸੀਬਤ ਤੋਂ ਕੱਢਣ ਦੇ ਲਈ ਅਸੀਂ ਪੁਲਿਸ ਵਿਭਾਗ ਜਾਂ ਹੋਰ ਸੰਬੰਧਿਤ ਵਿਭਾਗਾਂ ਨਾਲ ਗੱਲ ਕਰ ਰਹੇ ਹਾਂ ਤੇ ਇਸ ਮੁਸੀਬਤ ਚੋਂ ਬੱਚਿਆਂ ਨੂੰ ਬਚਾਉਣ ਲਈ ਉਹ ਬੱਚਿਆਂ ਦੇ ਮਾਪਿਆਂ ਤੋਂ ਲੱਖਾਂ ਰੁਪਏ ਆਪਣੇ ਭੇਜੇ ਸਕੈਨਰ ਕੋਡ ਵਿੱਚ ਪਾਉਣ ਲਈ ਆਖਦੇ ਹਨ । ਭੋਲੇ ਭਾਲੇ ਲੋਕ ਆਪਣੇ ਬੱਚਿਆਂ ਨੂੰ ਮੁਸੀਬਤ ਵਿੱਚ ਫਸਿਆ ਸਮਝ ਡਰ ਜਾਂਦੇ ਹਨ ਤੇ ਇਹਨਾਂ ਸ਼ਾਤਰ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਉਨਾਂ ਆਧਾਰ ਕਾਰਡ ਸਬੰਧੀ ਵੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਨੂੰ ਆਪਣਾ ਆਧਾਰ ਕਾਰਡ ਕਿਸੇ ਨੂੰ ਸਿੱਧਾ ਹੀ ਨਹੀਂ ਦੇਣਾ ਚਾਹੀਦਾ। ਆਧਾਰ ਕਾਰਡ ਉੱਤੇ ਦਰਜ ਸਿਰਫ ਆਖਰੀ ਚਾਰ ਅੰਕ ਹੀ ਸਾਨੂੰ ਦਿਖਾਉਣੇ ਚਾਹੀਦੇ ਹਨ ,ਜਦਕਿ ਬਾਕੀ ਦੇ ਅੰਕਾਂ ਨੂੰ ਗੁਪਤ ਰੱਖਣਾ ਚਾਹੀਦਾ ਹੈ, ਅਜਿਹੇ
ਅਧਾਰ ਕਾਰਡਾਂ ਨੂੰ ਮਾਸਕ ਆਧਾਰ ਕਾਰਡ ਬੋਲਿਆ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਸਾਈਬਰ ਕ੍ਰਾਈਮ ਦੇ ਠੱਗਾਂ ਤੋਂ ਬਚਣ ਦੇ ਲਈ ਆਪਣੇ ਆਧਾਰ ਕਾਰਡ ਨੂੰ ਮਾਸਕ ਆਧਾਰ ਕਾਰਡ ਵਿੱਚ ਤਬਦੀਲ ਕਰਵਾਉਣ ਤਾਂ ਜੋ ਉਹ ਹੋ ਰਹੀਆਂ ਠੱਗੀਆਂ ਦਾ ਸ਼ਿਕਾਰ ਨਾ ਹੋ ਸਕਣ। ਉਹਨਾਂ ਸ਼ਹਿਰ ਦੇ ਸਾਰੇ ਪੱਤਰਕਾਰਾਂ ਨੂੰ ਵੀ ਇਸ ਠੱਗੀ ਦੇ ਸ਼ਿਕਾਰ ਹੋ ਰਹੇ ਲੋਕਾਂ ਨੂੰ ਬਚਾਉਣ ਲਈ ਆਪਣੇ ਨਾਲ ਜੋੜਦਿਆਂ ਕਿਹਾ ਕਿ ਸਮਾਜ ਵਿੱਚ ਵੱਧਦੇ ਜਾ ਰਹੇ ਇਸ ਠੱਗੀ ਦੇ ਵੱਡੇ ਜਾਲੂ ਕੱਟਣ ਲਈ ਸਾਡਾ ਸਭ ਦਾ ਰਲ ਮਿਲ ਕੇ ਚੱਲਣਾ ਬਹੁਤ ਜਰੂਰੀ ਹੈ। ਪੁਲਿਸ ਥਾਣਾ ਮੁੱਖੀ ਪਵਿੱਤਰ ਸਿੰਘ ਗਰੇਵਾਲ ਨੇ ਕਿਹਾ ਕਿ ਇਹਨਾਂ ਠੱਗੀਆਂ ਤੋਂ ਬਚਣ ਦੇ ਲਈ ਟੋਲ ਫਰੀ ਹੈਲਪ ਨੰਬਰ 1930 ਜਾਰੀ ਕੀਤਾ ਗਿਆ ਹੈ, ਜੇਕਰ ਕਿਸੇ ਨੂੰ ਅਜਿਹੀ ਕੋਈ ਕਾਲ ਆਉਂਦੀ ਹੈ ਤਾਂ ਉਹ ਹੈਲਪ ਲਾਈਨ ਨੰਬਰ 1930 ਉੱਤੇ ਫੋਨ ਕਰਕੇ 72 ਘੰਟੇ ਦੇ ਅੰਦਰ ਸਾਰੀ ਜਾਣਕਾਰੀ ਦੇਣ।ਇਸ ਨਾਲ ਇੱਕ ਤਾਂ ਉਹ ਹੋ ਰਹੀ ਠੱਗੀ ਤੋਂ ਬੱਚ ਜਾਣਗੇ, ਦੂਜਾ ਇਹ ਠੱਗੀ ਕਰਨ ਵਾਲੇ ਛਾਤਰ ਦਿਮਾਗ ਪੁਲਿਸ ਦੇ ਅੜਿਕੇ ਵੀ ਆ ਜਾਣਗੇ।







