ਅਮਨਦੀਪ – ਜਲੰਧਰ ਜ਼ਿਲ੍ਹੇ ਦੀ ਇੱਕ ਨੌਜਵਾਨ ਲੜਕੀ, ਜੋ ਆਪਣੇ ਪਰਿਵਾਰ ਦੀਆਂ ਆਰਥਿਕ ਮਜ਼ਬੂਰੀਆਂ ਕਾਰਨ ਨੌਕਰੀ ਦੀ ਖਾਤਰ ਓਮਾਨ ਗਈ ਸੀ, ਉਥੇ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਗਈ। ਉਸਦੀ ਆਪਣੀ ਭਾਬੀ ਨੇ ਇੱਕ ਏਜੰਟ ਨਾਲ ਮਿਲ ਕੇ ਉਸਨੂੰ ਚਾਰ ਲੱਖ ਰੁਪਏ ਵਿੱਚ ਵੇਚ ਦਿੱਤਾ। ਪੀੜਿਤ ਲੜਕੀ ਨੂੰ ਉਥੇ ਗੰਭੀਰ ਤਸ਼ੱਦਦ, ਅਣਮਨੁੱਖੀ ਸਲੂਕ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾ ਸਦਕਾ ਵਾਪਿਸ ਪਰਤੀ ਪੀੜਤਾ ਨੇ ਆਪਣੀ ਹੱਡਬੀਤੀ ਦੱਸਦਿਆ ਕਿਹਾ ਕਿ ਉਸਨੇ ਆਪਣੇ ਘਰ ਦੀਆਂ ਮਜ਼ਬੂਰੀਆਂ ਨੂੰ ਦੇਖਦਿਆ ਇਹ ਸਭ ਵੀ ਸਹਿਣ ਕਰ ਲਿਆ ਸੀ ਪਰ ਹੱਦ ਉਸ ਵੇਲੇ ਹੋਈ ਜਦੋਂ ਉਸਦੀ ਬਿਨਾਂ ਵਜ੍ਹਾ ਕੁੱਟਮਾਰ ਹੋਣ ਲੱਗ ਪਈ।
ਪੀੜਿਤਾ ਨੇ ਦੱਸਿਆ ਕਿ ਓਮਾਨ ‘ਚ ਉਸਨੂੰ ਲੰਬੇ ਸਮੇਂ ਤੱਕ ਦਿਨ-ਰਾਤ ਕੰਮ ਕਰਨ ਲਈ ਮਜਬੂਰ ਕੀਤਾ ਗਿਆ, ਪਰ ਨਾਂ ਹੀ ਤਨਖਾਹ ਦਿੱਤੀ ਗਈ ਅਤੇ ਨਾਂ ਹੀ ਪੂਰਾ ਖਾਣਾ। ਉਸਨੇ ਦੱਸਿਆ ਕਿ ਤਸ਼ੱਦਦ ਦੇ ਵਿਰੋਧ ਉੱਤੇ ਉਸਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਅਤੇ ਮਰਜ਼ੀ ਦੇ ਖਿਲਾਫ ਕੰਮ ਲਈ ਮਜਬੂਰ ਕੀਤਾ ਗਿਆ। ਪੀੜਤਾ ਨੇ ਦੱਸਿਆ ਕਿ ਕਿਸੇ ਤਰ੍ਹਾਂ ਨਾਲ ਉਹ ਬਚ ਬਚਾਅ ਕਿ ਪਰਿਵਾਰ ਦੇ ਚੁੰਗਲ ਤੋਂ ਨਿਕਲਣ ਤੋਂ ਬਾਅਦ ਉਸਨੂੰ ਤਕਰੀਬਨ ਦੋ ਮਹੀਨੇ ਤੱਕ ਓਮਾਨ ਦੀਆਂ ਸੜਕਾਂ ਭਟਕਣਾ ਪਿਆ ਜਿਥੇ ਉਸਦੇ ਲਈ ਕੋਈ ਸਹਾਰਾ ਨਹੀਂ ਸੀ। ਪੀੜਿਤਾ ਨੇ ਇਹ ਵੀ ਖੁਲਾਸਾ ਕੀਤਾ ਕਿ ਓਮਾਨ ਵਿੱਚ ਉਸ ਵਾਂਗ ਹੀ ਯੂਪੀ, ਬਿਹਾਰ ਅਤੇ ਪੰਜਾਬ ਦੀਆਂ ਲਗਭਗ 20 ਹੋਰ ਲੜਕੀਆਂ ਵੀ ਇੱਕ ਪਾਰਕ ਵਿੱਚ ਨਰਕ ਵਰਗੀ ਜ਼ਿੰਦਗੀ ਜੀ ਰਹੀਆਂ ਹਨ। ਜਿਹਨਾਂ ਦੀ ਜ਼ਿੰਦਗੀ ਹਰ ਵੇਲੇ ਖਤਰੇ ਵਿੱਚ ਹੈ।
ਇੱਕ ਭਿਆਨਕ ਮੰਜ਼ਰ ਦਾ ਜ਼ਿਕਰ ਕਰਦਿਆਂ ਪੀੜਿਤਾ ਨੇ ਦੱਸਿਆ ਕਿ ਇੱਕ ਲੜਕੀ ਨੂੰ ਉਸਦੀਆਂ ਅੱਖਾਂ ਸਾਹਮਣੇ ਸਿੱਧਾ ਪਾਰਕ ਵਿਚੋਂ ਉਸਦੇ ਵਾਲਾਂ ਤੋਂ ਘਸੀਟ ਕੇ ਕਾਰ ਵਿੱਚ ਬੈਠਾ ਕੇ ਲਿਆ ਗਿਆ। ਇਸ ਘਟਨਾ ਨੇ ਉਸਦੇ ਮਨ ਨੂੰ ਪੂਰੀ ਤਰ੍ਹਾਂ ਨਾਲ ਝੰਜੋੜ ਦਿੱਤਾ ਤੇ ਉਸਦੇ ਅੰਦਰ ਵਾਪਸੀ ਦੀ ਉਮੀਦ ਨੂੰ ਖਤਮ ਕਰ ਦਿੱਤਾ। ਫਿਰ ਕਿਸੇ ਤਰੀਕੇ ਪੀੜਤਾ ਨੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਸਦੇ ਪਤੀ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਾਰੀ ਜਾਣਕਾਰੀ ਦਿੱਤੀ।
ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦੀ ਮਦਦ ਨਾਲ ਤੁਰੰਤ ਕਾਰਵਾਈ ਕੀਤੀ, ਜਿਸ ਸਦਕਾ 10 ਦਿਨਾਂ ਅੰਦਰ ਹੀ ਪੀੜਿਤਾ ਦੀ ਸੁਰੱਖਿਅਤ ਵਾਪਸੀ ਸੰਭਵ ਹੋਈ। ਪੀੜਿਤਾ ਅਤੇ ਉਸਦੇ ਪਰਿਵਾਰ ਨੇ ਸੰਤ ਸੀਚੇਵਾਲ ਅਤੇ ਭਾਰਤੀ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ।*ਬਾਕਸ ਆਈਟਮ : ਮਨੁੱਖੀ ਤਸਕਰੀ ਨੂੰ ਅੰਜ਼ਾਮ ਦੇ ਰਹੇ ਗਿਰੋਹ ਤੇ ਲੰਗਾਮ ਲਗਾਉਣਾ ਜ਼ਰੂਰੀ : ਸੰਤ ਸੀਚੇਵਾਲ*ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡੂੰਘੀ ਹਮਦਰਦੀ ਪ੍ਰਗਟ ਕਰਦਿਆ ਕਿਹਾ ਕਿ ਬਿਨ ਮਾਂ ਬਾਪ ਦੀ ਧੀ ਨੂੰ ਉਸਦੀ ਹੀ ਸਖੀ ਭਾਬੀ ਵੱਲੋਂ ਇਸ ਤਰ੍ਹਾਂ ਨਾਲ ਫਸਾ ਦੇਣ ਦੇ ਮਾਮਲੇ ਨੇ ਜ਼ਾਹਿਰ ਕੀਤਾ ਹੈ ਕਿ ਲਾਲਚ ਕਿਸ ਹੱਦ ਤੱਕ ਸਾਡੇ ਮਨਾਂ ਵਿੱਚ ਹਾਵੀ ਹੋ ਗਿਆ ਹੈ। ਉਹਨਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਜਦ ਤੱਕ ਮਨੁੱਖ ਤਸਕਰੀ ਨੂੰ ਅੰਜ਼ਾਮ ਦੇ ਰਹੇ ਅਜਿਹੇ ਗਿਰੋਹਾਂ ਤੇ ਸਖਤ ਕਾਰਵਾਈ ਤੇ ਲੰਗਾਮ ਨਹੀ ਲਗਾਈ ਜਾਂਦੀ, ਉਦੋਂ ਤੱਕ ਹਲਾਤਾਂ ਵਿੱਚ ਬਦਲਾਅ ਨਹੀ ਆ ਸਕਦੇ। ਉਹਨਾਂ ਪੰਜਾਬ ਦੇ ਲੋਕਾਂ ਨੂੰ ਵੀ ਅਜਿਹੋ ਗਿਰੋਹਾਂ ਤੇ ਖਾਸਕਰਕੇ ਰਿਸ਼ਤੇਦਾਰਾਂ ਤੋਂ ਬਚਣ ਦੀ ਅਪੀਲ ਕੀਤੀ ਜੋ ਵਿਦੇਸ਼ ਜਾਣ ਦੇ ਵੱਡੇ ਵੱਡੇ ਸੁਫਨੇ ਦਿਖਾ ਕਿ ਲੜਕੀਆਂ ਨੂੰ ਅਰਬ ਮੁਲਕਾਂ ਵਿੱਚ ਫਸਾ ਰਹੇ ਹਨ।*ਚੋਰੀ ਦੇ ਝੂਠੇ ਇਲਜ਼ਾਮ ਬਣੇ ਇਨਸਾਫ ਵਿੱਚ ਰੁਕਾਵਟ*ਪੀੜਿਤਾ ਨੇ ਦੱਸਿਆ ਕਿ ਘਰੋਂ ਨਿਕਲਣ ਤੋਂ ਬਾਅਦ ਪਰਿਵਾਰ ਨੇ ਉਸ ‘ਤੇ ਝੂਠਾ ਚੋਰੀ ਦਾ ਇਲਜ਼ਾਮ ਲਾ ਦਿੱਤਾ ਸੀ, ਜਿਸ ਕਾਰਨ ਉਸਦੇ ਲਈ ਓਮਾਨ ਤੋਂ ਬਾਹਰ ਨਿਕਲਣਾ ਹੋਰ ਵੀ ਮੁਸ਼ਕਿਲ ਹੋ ਗਿਆ ਤੇ ਉਸਨੇ ਇਹ ਵੀ ਦੱਸਿਆ ਕਿ ਇਹ ਤਰੀਕਾ ਉੱਥੇ ਹੋਰ ਲੜਕੀਆਂ ਨਾਲ ਵੀ ਵਰਤਿਆ ਜਾ ਰਿਹਾ ਹੈ, ਜੋ ਇਨਸਾਫ ਲਈ ਅੱਜ ਵੀ ਭਟਕ ਰਹੀਆਂ ਹਨ।






