ਸ਼੍ਰੀ ਮੁਕਤਸਰ ਸਾਹਿਬ, 09 ਜੁਲਾਈ ()- ਦੇਸ਼ ਦੀਆਂ ਰਾਸ਼ਟਰੀ ਟ੍ਰੇਡ ਯੂਨੀਅਨਾਂ ਦੇ ਸੱਦੇ ’ਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਕਰਮਚਾਰੀਆਂ ਦੀਆਂ ਐਸੋਸੀਏਸ਼ਨਾਂ, ਫੈਡਰੇਸ਼ਨਾਂ ਅਤੇ ਬੀਮਾ, ਬੈਂਕ, ਬੀਐਸਐਨਐਲ, ਬਿਜ਼ਲੀ, ਰੋਡਵੇਜ਼, ਰੇਲਵੇ ਅਤੇ ਹੋਰ ਸਮੁੱਚੀਆਂ ਜਥੇਬੰਦੀਆਂ ਦੇ ਕਰਮਚਾਰੀਆਂ ਨੇ ਇੱਕ ਦਿਨ ਦੀ ਹੜ੍ਹਤਾਲ ਕੀਤੀ ਹੈ। ਇਹ ਹੜ੍ਹਤਾਲ ਸਰਕਾਰ ਦੀ ਨਿੱਜੀਕਰਨ ਅਤੇ ਆਮ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਕੀਤੀ ਗਈ ਹੈ। ਹੜ੍ਹਤਾਲ ਵਿੱਚ 20 ਕਰੋੜ ਤੋਂ ਜ਼ਿਆਦਾ ਮਜ਼ਦੂਰ, ਕਿਸਾਨ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ ਹੈ। ਇਸ ਮੌਕੇ ਮੌਜੂਦ ਮੰਡਲ ਸਕੱਤਰ ਪੰਕਜ਼ ਭਾਦੁਆਜ਼ ਨੇ ਦੱਸਿਆ ਕਿ ਸਰਕਾਰ ਦੇ ਤੇਜ਼ ਗਤੀ ਨਾਲ ਵੱਧਣ ਵਾਲੀ ਅਰਥ ਵਿਵੱਸਥਾ ਦੇ ਦਾਅਵਿਆਂ ਦੇ ਬਾਵਜੂਦ ਸਚਾਈ ਇਹ ਹੈ ਕਿ ਅਸੀਂ ਜੀਡੀਪੀ ਦੇ ਹਿਸਾਬ ਨਾਲ 194 ਦੇਸ਼ਾਂ ਵਿੱਚ 143ਵੇਂ ਸਥਾਨ ’ਤੇ ਰਹਿ ਗਏ ਹਾਂ। ਆਈ ਐਲ ਓ ਦੇ ਅਨੁਸਾਰ ਸਾਡੀ ਨੌਜਵਾਨ ਪੀੜ੍ਹੀ ਵਿੱਚੋਂ 83 ਪ੍ਰਤਿਸ਼ਤ ਬੇਰੁਜ਼ਗਾਰ ਹਨ। ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਵਿੱਚ ਬੇਰੁਜ਼ਗਾਰੀ ਦੀ ਦਰ 2000 ਤੋਂ ਹੁਣ ਤੱਕ ਦੁਗਣੀ ਹੋ ਗਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਲਗਾਤਾਰ ਕਾਰਪਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਹਰੇਕ ਵਿਭਾਗ ਨੂੰ ਠੇਕੇ ’ਤੇ ਦਿੱਤਾ ਜਾ ਰਿਹਾ ਹੈ। ਪਰ ਇਸ ਦੇ ਉਲਟ ਸਰਕਾਰ ਨੇ ਪਿਛਲੇਂ 10 ਸਾਲਾਂ ਵਿੱਚ 16.35 ਲੱਖ ਕਰੋੜ ਦਾ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮਾਫ਼ ਕਰ ਦਿੱਤਾ। ਇਸ ਭਰਪਾਈ ਆਮ ਲੋਕਾਂ ’ਤੇ ਬੋਝ ਵਧਾ ਕੇ ਕੀਤਾ ਜਾ ਰਿਹਾ ਹੈ। ਇਸ ਮੌਕੇ ਸਮੁੱਚੇ ਕਰਮਚਾਰੀਆਂ ਨੇ ਸਰਕਾਰ ਦੀ ਨਿੱਜੀਕਰਨ ਨੀਤੀ ਦਾ ਪੂਰਨ ਤੌਰ ’ਤੇ ਵਿਰੋਧ ਕੀਤਾ ਹੈ। ਇਸ ਮੌਕੇ ਅਕਾਸ਼ਦੀਪ ਗੁਪਤਾ, ਰਾਜਨ ਲੂਣਾ, ਬੋਹੜ ਸਿੰਘ, ਪ੍ਰੋਮਿਲਾ ਗਿਰਧਰ, ਪੂਨਮ ਨਾਗਪਾਲ, ਰੀਤਿਕਾ, ਵੀਨਾ ਬਾਂਸਲਾ, ਗੀਤਿਕਾ, ਸ਼ਿਫਾਲੀ, ਕਿਰਨਜੀਤ ਕੌਰ, ਰਾਜਿੰਦਰ ਸਿੰਘ ਆਦਿ ਨੇ ਸ਼ਮੁਲੀਅਤ ਕੀਤੀ।
ਕੈਪਸ਼ਨ: ਹੜ੍ਹਤਾਲ ਦਾ ਸਮੱਰਥਨ ਕਰਨ ਸਮੇਂ ਐਲ ਆਈ ਸੀ ਦੇ ਕਰਮਚਾਰੀ।






