ਸ੍ਰੀ ਮੁਕਤਸਰ ਸਾਹਿਬ, 09 ਜੁਲਾਈ ()- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਅਪਰਾਧੀ ਤੱਤਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ, ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ“ਅਪਰੇਸ਼ਨ ਸੀਲ”ਚਲਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਦੀਆਂ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ‘ਤੇ ਨਾਕਾਬੰਦੀ ਕਰਕੇ ਵਿਸ਼ੇਸ਼ ਤੌਰ ‘ਤੇ ਸਰਚ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਵਿੱਚ ਹਰਿਆਣਾ ਅਤੇ ਰਾਜਸਥਾਨ ਪੁਲਿਸ ਨਾਲ ਸਾਂਝਦਾਰੀ ਕਰਕੇ ਕੁੱਲ 19 ਨਾਕੇ ਲਗਾਏ ਗਏ, ਜਿਨ੍ਹਾਂ ਵਿੱਚੋਂ 13 ਨਾਕੇ ਹਰਿਆਣਾ ਅਤੇ 06 ਨਾਕੇ ਰਾਜਸਥਾਨ ਸਰਹੱਦ ਨਾਲ ਲਗਾਏ ਗਏ। ਚੈਕਿੰਗ ਦੌਰਾਨ ਦੋਹਾਂ ਰਾਜਾਂ ਦੀ ਪੁਲਿਸ ਨੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਨਾਲ ਮਿਲ ਕੇ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਸਖ਼ਤ ਚੈਕਿੰਗ ਕੀਤੀ ਗਈ। ਇਸ ਅਪਰੇਸ਼ਨ ਵਿੱਚ ਡੀ.ਐਸ.ਪੀ ਲੰਬੀ ਜਸਪਾਲ ਸਿੰਘ, ਡੀ.ਐਸ.ਪੀ (ਡੀ) ਰਮਨਪ੍ਰੀਤ ਸਿੰਘ, ਅਤੇ ਐਸ.ਆਈ ਕਰਮਜੀਤ ਕੌਰ (ਮੁਖ ਅਫਸਰ ਥਾਣਾ ਕਿਲਿਆਂਵਾਲੀ) ਸਮੇਤ ਕੁੱਲ 120 ਪੁਲਿਸ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਇਹ ਸਰਚ ਅਭਿਆਨ ਚਲਾਇਆ ਗਿਆ। ਡੀ.ਐਸ.ਪੀ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਕਿਆਂ ‘ਤੇ ਆਉਣ- ਜਾਣ ਵਾਲੇ ਵਾਹਨਾਂ ਦੀ ਜਾਂਚ ਲਈ ਵਾਹਨ ਐਪ ਦੀ ਵਰਤੋਂ ਕੀਤੀ ਗਈ, ਜਦਕਿ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ P19S ਐਪ ਦੀ ਵਰਤੋਂ ਕੀਤੀ ਗਈ। ਚੈਕਿੰਗ ਦੌਰਾਨ, ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਾਂਚ ਕੀਤੀ ਗਈ, ਜਿਸ ਦੌਰਾਨ ਉਸ ਕੋਲੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਕਤ ਵਿਅਕਤੀ ਵਿਰੁੱਧ N4PS ਐਕਟ ਹੇਠ ਕਾਨੂੰਨੀ ਕਾਰਵਾਈ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਾਂਝੇ ਸਰਚ ਅਭਿਆਨ ਆਉਣ ਵਾਲੇ ਸਮੇਂ ਵਿੱਚ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਿਰੰਤਰ ਤੌਰ ’ਤੇ ਚਲਾਏ ਜਾਣਗੇ, ਤਾਂ ਜੋ ਕੋਈ ਵੀ ਸ਼ਰਾਰਤੀ ਜਾਂ ਗੈਰ ਕਾਨੂੰਨੀ ਤੱਤ ਜ਼ਿਲ੍ਹੇ ਵਿੱਚ ਘੁਸਣ ਦੀ ਹਿੰਮਤ ਨਾ ਕਰ ਸਕੇ। ਅੰਤ ਵਿੱਚ, ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਕੋਲ ਕੋਈ ਵੀ ਜਾਣਕਾਰੀ, ਨਸ਼ਾ ਤਸਕਰੀ ਜਾਂ ਗੈਰ ਕਾਨੂੰਨੀ ਗਤੀਵਿਧੀ ਸੰਬੰਧੀ ਹੈ, ਤਾਂ ਉਹ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਹੈਲਪਲਾਈਨ ਨੰਬਰ 80549-42100 ‘ਤੇ ਤੁਰੰਤ ਸਾਂਝੀ ਕਰਨ।






