ਸ੍ਰੀ ਮੁਕਤਸਰ ਸਾਹਿਬ, 25 ਜੁਲਾਈ ()- ਨਰੇਗਾ ਰੁਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਨਰੇਗਾ ਮਜ਼ਦੂਰ ਮੰਗਾਂ ਨੂੰ ਲੈ ਕੇ ਮੁਕਤਸਰ ਡੀਸੀ ਦਫ਼ਤਰ ਮੂਹਰੇ ਧਰਨਾ ਲਗਾ ਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਨਰੇਗਾ ਕਾਮਿਆ ਨੇ ਨਰੇਗਾ ਹੱਕਾਂ ’ਤੇ ਮਾਰੇ ਜਾ ਰਹੇ ਛਾਪੇ ਵਿਰੁੱਧ ਆਪਣੇ ਸਖਤ ਗੁੱਸੇ ਦਾ ਪ੍ਰਗਟਾਵਾ ਕੀਤਾ। ਨਰੇਗਾ ਵਿਰੋਧੀ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦਿਆਂ ਜਥੇਬੰਦੀ ਦੇ ਸੂਬਾਈ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਧਮਕੀ ਭਰੀਆਂ ਅਡਵਾਈਜਰੀਆਂ ਵਰਕਰਾਂ ’ਚ ਪ੍ਰਚਾਰੀਆਂ ਜਾ ਰਹੀਆਂ ਹਨ, ਛੱਪੜਾਂ, ਖਾਲਿਆਂ, ਨਹਿਰਾਂ ਕੱਸੀਆਂ ਅਤੇ ਰਾਹਾਂ ਦਾ ਕੰਮ ਬੰਦ ਹੋ ਗਿਆ। ਇਹ ਐਡਵਾਈਜ਼ਰੀਆਂ ਠੀਕ ਨਹੀਂ ਹਨ। ਅਜਿਹਾ ਕਰਨ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਨਵੀਂ ਐਡਵਾਈਜਰੀ ਜਾਰੀ ਕਰਨ ਦੀ ਮੰਗ ਕੀਤੀ ਜੋ ਕਾਨੂੰਨ ਦੇ ਹੱਕ ’ਚ ਹੋਵੇ। ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸੁਖਨਾ ਨੇ ਕਿਹਾ ਕਿ ਨਰੇਗਾ ’ਚ ਹੁੰਦੀ ਘਪਲੇਬਾਜੀ ਬੰਦ ਕੀਤੀ ਜਾਵੇ, ਕੀਤੇ ਕੰਮਾਂ ਦੀ ਉਜਰਤ ਫੌਰੀ ਦਿੱਤੀ ਜਾਵੇ। ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਨਰੇਗਾ ਸ਼ਿਕਾਇਤਾਂ ਦਾ ਨਿਪਟਾਰਾ ਇੱਕ ਹਫਤੇ ’ਚ ਕਰਨਾ ਹੁੰਦਾ ਹੈ ਜਿੱਥੇ ਇਸਦੀ ਅਵੱਗਿਆ ਹੋਈ ਹੈ ਉੱਥੇ ਜਿੰਮੇਵਾਰ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਦਰਜਨਾਂ ਪਿੰਡਾਂ ਖੂਨਣ ਕਲਾਂ, ਵਿਰਕ ਖੇੜਾ, ਬਾਮ, ਭੰਗਚੜੀ, ਦੋਦਾ, ਸੰਗੂਧਣ, ਹਰੀਕੇ ਕਲਾਂ, ਕੋਟਲੀ ਸੰਘਰ ਆਦਿ ਅਨੇਕ ਪਿੰਡਾਂ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਉਨ੍ਹਾਂ ਨੇ ਰਿਕਮੈਂਡ ਕਰਕੇ ਸਬੰਧਤ ਪੀਓ ਨੂੰ ਭੇਜੀਆਂ ਤੇ ਉੱਥੇ ਕੋਈ ਕਾਰਵਾਈ ਨਹੀਂ ਹੋਈ। ਅਸੀਂ ਮੰਗ ਕਰਦੇ ਹਾਂ ਉਨ੍ਹਾਂ ਉੱਪਰ ਨਰੇਗਾ ਕੰਮ ਜਾਂ ਭੱਤਾ ਰੁਕਾਵਟ ਦੀ ਧਾਰਾ 25 ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਕਾਮਿਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ। ਇਕੱਠ ਨੂੰ ਜਥੇਬੰਦੀ ਦੇ ਆਗੂਆਂ ਗੁਰਬਚਨ ਸਿੰਘ ਤੇ ਸੁਰਜੀਤ ਸਿੰਘ ਛੱਤਿਆਣਾ, ਗੁਰਭੇਜ ਸਿੰਘ ਕੋਟਲੀ ਸੰਘਰ, ਚੰਭਾ ਸਿੰਘ ਵਾੜਾ ਕ੍ਰਿਸ਼ਨਪੁਰਾ, ਬਿੰਦਰ ਸਿੰਘ ਤੇ ਬੋਹੜ ਸਿੰਘ ਖੂਨਣ ਕਲਾਂ, ਹਰਵਿੰਦਰ ਸਿੰਘ ਸ਼ੇਰਾਂਵਾਲੀ ਬਲਾਕ ਲੰਬੀ, ਵਿਜੇ ਸਿੰਘ ਤੇ ਸ਼ਮਸ਼ੇਰ ਸਿੰਘ ਥਾਂਦੇਵਾਲਾ ਤੋਂ ਇਲਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਹਰਲਾਦ ਸਿੰਘ ਦੂਹੇਵਾਲਾ, ਜਿਲ੍ਹਾ ਐਗਜੈਕਟਿਵ ਮੈਂਬਰ ਗੁਰਮੀਤ ਸਿੰਘ ਰੋਦਾ, ਸੁਖਪਾਲ ਸਿੰਘ ਲੰਬੀ ਨੇ ਵੀ ਸੰਬੋਧਨ ਕੀਤਾ। ਭਰਾਤਰੀ ਜਥੇਬੰਦੀਆਂ ਵੱਲੋਂ ਕਿਸਾਨ ਆਗੂ ਚਰਨਜੀਤ ਸਿੰਘ ਬਨਵਾਲਾ, ਏਆਈਐਸਐਫ ਦੇ ਆਗੂ ਸੁਖਵਿੰਦਰ ਮਲੋਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜ ਸਾਲ ਪਿੱਛੋਂ ਨਵਾਂ ਕਾਰਡ ਨਹੀਂ ਦਿੱਤਾ ਗਿਆ ਉਹ ਦਿੱਤਾ ਜਾਵੇ, ਜਾਬ ਕਾਰਡ ਤੇ ਹਾਜ਼ਰੀ ਲੱਗੇ, ਮੇਟ ਦੀ ਹਜਰਤ ਅਨਸਕਿਲਡ ਖਾਤੇ ਵਿੱਚੋਂ ਦਿੱਤੀ ਜਾਵੇ, ਲੇਟ ਦੀ ਜਿੰਮੇਵਾਰੀ ਨਿਰਧਾਰਿਤ ਕੀਤੀ ਜਾਵੇ, ਜੋਬ ਕਾਰਡ ਤੇ ਹਾਜਰੀ ਲਾਉਣ ਦੀ ਜਿੰਮੇਵਾਰੀ ਗਰਾਮ ਸੇਵਕ ਜਾਂ ਮੇਟ ਦੀ ਜਿੰਮੇਵਾਰੀ ਤਹਿ ਕੀਤੀ ਜਾਵੇ। ਜਿੱਥੇ ਮਸਟਰੋਲ ਜ਼ੀਰੋ ਕੀਤੇ ਹਨ ਉਨ੍ਹਾਂ ਕਸੂਰ ਵਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਾਮਿਆਂ ਨੂੰ ਉਜਰਤ ਦੀ ਅਦਾਇਗੀ ਕੀਤੀ ਜਾਵੇ। ਜਿਨਾਂ ਨੇ ਮਸਟਰਰੋਲ ਵਿੱਚੋਂ ਚੁਣਵੇ ਕਾਮਿਆਂ ਦਾ ਮਸਟਰਰੋਲ ਜੀਰੋ ਕੀਤਾ ਹੈ, ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਨਰੇਗਾ ਦੀ ਪਾਰਦਰਸ਼ਤਾ ਬਹਾਲ ਕੀਤੀ ਜਾਵੇ। ਨਰੇਗਾ ’ਚ ਕੰਮ ਦਿਹਾੜੀ ਦਾ ਸਮਾਂ ਸ਼ੁਰੂਆਤੀ ਦੌਰ ਵਾਲਾ, ਛੇ ਘੰਟੇ ਕੀਤਾ ਜਾਵੇ। ਧਰਨਾਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਦਿਆਂ ਇਸਨੂੰ ਲੋਕ ਸਭਾ ਦੇ ਸਪੀਕਰ, ਪ੍ਰਧਾਨ ਮੰਤਰੀ ਭਾਰਤ ਸਰਕਾਰ, ਮੁੱਖ ਮੰਤਰੀ ਪੰਜਾਬ, ਸੂਬਾ ਕੁਆਰਡੀਨੇਟਰ ਨਰੇਗਾ ਮੋਹਾਲੀ, ਜਿਲਾ ਕੁਆਰੀਨੇਟਰ ਨਰੇਗਾ ਸ੍ਰੀ ਮੁਕਤਸਰ ਸਾਹਿਬ ਨੂੰ ਕਾਰਵਾਈ ਕਰਨ ਹਿੱਤ ਭੇਜਣ ਦੀ ਅਪੀਲ ਕੀਤੀ ਤੇ ਨਾਲ ਹੀ ਚਿਤਵਾਨੀ ਦਿੱਤੀ ਕਿ ਜੇਕਰ ਮਸਲੇ ਹੱਲ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਰੂਪ ਦਿੱਤਾ ਜਾਵੇਗਾ।






