ਨੂਰਪੁਰਬੇਦੀ, 28 ਜੁਲਾਈ –ਦਲਜੀਤ ਚਨੌਲੀ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਦੂਰਅੰਦੇਸ਼ੀ, ਨਿਰੰਤਰ ਕੋਸ਼ਿਸ਼ਾਂ ਅਤੇ ਪੰਜਾਬ ਸਰਕਾਰ ਦੀ ਸਿਹਤ ਖੇਤਰ ਪ੍ਰਤੀ ਵਚਨਬੱਧਤਾ ਸਦਕਾ ਸਰਕਾਰੀ ਹਸਪਤਾਲ ਸਿੰਘਪੁਰ ਵਿੱਚ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਿਨੋ ਦਿਨ ਬਿਹਤਰ ਹੋ ਰਹੀਆਂ ਹਨ। ਹਸਪਤਾਲ ਵਿੱਚ ਹੋ ਰਹੇ ਨਿਰੰਤਰ ਸੁਧਾਰਾਂ ਅਤੇ ਵਧ ਰਹੀ ਮਰੀਜ਼ ਗਿਣਤੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਿ ਵਿਧਾਇਕ ਚੱਢਾ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਜਨਹਿਤ ਨੀਤੀਆਂ ਨੂੰ ਜਮੀਨੀ ਪੱਧਰ ‘ਤੇ ਲਾਗੂ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਭਾਰਦਵਾਜ਼ ਨੇ ਦੱਸਿਆ ਕਿ ਭਾਵੇਂ ਕਿ ਹਸਪਤਾਲ ਦੀ ਪਹਿਲਾਂ ਦੀ ਸਥਿਤੀ ਕੁਝ ਹੋਰ ਸੀ, ਪਰ ਜਦੋਂ ਤੋਂ ਹਲਕੇ ਦੀ ਵਾਗਡੋਰ ਵਿਧਾਇਕ ਚੱਢਾ ਨੇ ਸੰਭਾਲੀ ਹੈ, ਉਦੋਂ ਤੋਂ ਸਿਹਤ ਸੇਵਾਵਾਂ ਵਿੱਚ ਨਿਰੰਤਰ ਨਵੀਂ ਚਮਕ ਆਈ ਹੈ। ਉਹਨਾਂ ਦੱਸਿਆ ਕਿ ਮਈ 2025 ਵਿੱਚ 2878 ਮਰੀਜ਼ਾਂ ਦੀ ਓ.ਪੀ.ਡੀ. ਹੋਈ, 262 ਮਰੀਜ਼ ਐਮਰਜੈਂਸੀ ਸੇਵਾਵਾਂ ਲਈ ਪਹੁੰਚੇ, 480 ਐਕਸਰੇ ਹੋਏ ਅਤੇ 12 ਸਫਲ ਡਿਲੀਵਰੀਆਂ ਕੀਤੀਆਂ ਗਈਆਂ। ਜੂਨ ਮਹੀਨੇ ਦੌਰਾਨ 2767 ਓ.ਪੀ.ਡੀ., 480 ਐਕਸਰੇ, 262 ਐਮਰਜੈਂਸੀ ਅਤੇ 7 ਡਿਲੀਵਰੀਆਂ ਹੋਈਆਂ। ਜੁਲਾਈ ਵਿੱਚ ਹੁਣ ਤੱਕ 2631 ਓ.ਪੀ.ਡੀ., 420 ਐਕਸਰੇ, 240 ਐਮਰਜੈਂਸੀ ਅਤੇ 14 ਡਿਲੀਵਰੀਆਂ ਹੋ ਚੁੱਕੀਆਂ ਹਨ।
ਡਾ. ਭਾਰਦਵਾਜ਼ ਨੇ ਵਿਧਾਇਕ ਦੀ ਸਿਫਤ ਕਰਦਿਆਂ ਦੱਸਿਆ ਕਿ ਚੱਢਾ ਵੱਲੋਂ ਹਸਪਤਾਲ ਲਈ ਵੱਖ-ਵੱਖ ਮਾਹਿਰ ਡਾਕਟਰਾਂ ਦੀ ਨਿਯੁਕਤੀ ਕਰਵਾਉਣ ਦੇ ਨਾਲ, ਬੁਨਿਆਦੀ ਢਾਂਚਾ ਵੀ ਮਜ਼ਬੂਤ ਕੀਤਾ ਗਿਆ। ਹਸਪਤਾਲ ਵਿੱਚ ਡਿਜੀਟਲ ਐਕਸਰੇ ਮਸ਼ੀਨ, ਨਵਾਂ ਓਪਰੇਸ਼ਨ ਥੀਏਟਰ ਸਾਮਾਨ, ਬੈਡਾਂ ਲਈ ਨਵੇਂ ਗੱਦੇ, ਮੈਡੀਸਨ ਟਰੋਲੀਆਂ, ਪੀਣ ਵਾਲੇ ਪਾਣੀ ਦੀ ਸਫਾਈ ਯੋਜਨਾ, ਸਟਰੀਟ ਲਾਈਟਾਂ ਅਤੇ ਵਧੀਆ ਮਾਪਦੰਡਾਂ ਵਾਲੀਆਂ ਦਵਾਈਆਂ ਦੀ ਸਹੂਲਤ ਉਪਲਬਧ ਕਰਵਾਈ ਗਈ। ਉਹਨਾਂ ਆਖਿਆ ਕਿ ਇਹ ਸਾਰੇ ਉਪਰਾਲੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਇਕ ਹਸਪਤਾਲ ਨੂੰ ਮਿਆਰੀ ਬਣਾਉਣ ਦੀ ਨੀਤੀ ਅਧੀਨ ਕੀਤੇ ਜਾ ਰਹੇ ਹਨ। ਵਿਧਾਇਕ ਚੱਢਾ ਦੀ ਸਿੱਧੀ ਹਿੱਸੇਦਾਰੀ ਅਤੇ ਦਿਲਚਸਪੀ ਦੇ ਕਾਰਨ ਸਿੰਘਪੁਰ ਹਸਪਤਾਲ ਦੇ ਹਾਲਾਤ ਵਿੱਚ ਆਇਆ ਇਹ ਸੁਧਾਰ ਆਉਣ ਵਾਲੇ ਸਮੇਂ ਵਿੱਚ ਹੋਰ ਵਧੇਰੇ ਪ੍ਰਗਟ ਹੋਣਗੇ। ਡਾ. ਭਾਰਦਵਾਜ਼ ਨੇ ਇਹ ਵੀ ਕਿਹਾ ਕਿ “ਮੈਂ ਸਿੱਧਾ ਤੌਰ ‘ਤੇ ਵੇਖ ਰਿਹਾ ਹਾਂ ਕਿ ਵਿਧਾਇਕ ਚੱਢਾ ਅਤੇ ਪੰਜਾਬ ਸਰਕਾਰ ਵੱਲੋਂ ਹਸਪਤਾਲ ਦੀ ਦਸ਼ਾ ਬਦਲਣ ਲਈ ਜੋ ਯਤਨ ਕੀਤੇ ਜਾ ਰਹੇ ਹਨ, ਉਹ ਵਿਅਰਥ ਨਹੀਂ ਗਏ। ਲੋਕਾਂ ਦਾ ਵਿਸ਼ਵਾਸ ਸਿਹਤ ਪ੍ਰਣਾਲੀ ਚ ਵਧ ਰਿਹਾ ਹੈ ਅਤੇ ਇਹ ਸਾਡੀ ਸਭ ਤੋਂ ਵੱਡੀ ਕਾਮਯਾਬੀ ਹੈ।






