ਸ੍ਰੀ ਮੁਕਤਸਰ ਸਾਹਿਬ, 20 ਅਗਸਤ ()- ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਡਾ.ਅਖਿਲ ਚੌਧਰੀ ਦੀ ਅਗਵਾਈ ਹੇਠ, ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲ ਰਹੀ ਮੁਹਿੰਮ ਦੇ ਚਲਦਿਆਂ ‘ਅਪ੍ਰੈਸ਼ਨ ਸੀਲ’ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ’ਤੇ ਨਾਕਾਬੰਦੀ ਕਰਕੇ ਦੋਹਾਂ ਰਾਜਾਂ ਦੀ ਪੁਲਿਸ ਨਾਲ ਮਿਲ ਕੇ ਚੈਕਿੰਗ ਕੀਤੀ ਗਈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਚੈਕਿੰਗ ਦਾ ਉਦੇਸ਼ ਨਸ਼ਿਆਂ ਦੀ ਸਮੱਗਲਿੰਗ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣਾ, ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਤੇ ਵਾਹਨ ਐਪ ਰਾਹੀਂ ਵਾਹਨਾਂ ਦੀ ਵੈਰੀਫਿਕੇਸ਼ਨ ਕਰਨਾ ਸੀ। ਇਸ ਮੌਕੇ ਨਾਕਾਬੰਦੀ ਅਤੇ ਚੈਕਿੰਗ ਤੇ ਤਹਿਤ ਹਰਿਆਣਾ ਸਰਹੱਦ ’ਤੇ: 13 ਨਾਕੇ ਅਤੇ ਰਾਜਸਥਾਨ ਸਰਹੱਦ ’ਤੇ: 06 ਨਾਕੇ ਲਗਾ ਕੇ ਅਪ੍ਰੈਸ਼ਨ ਸੀਲ ਦੌਰਾਨ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜਸਪਾਲ ਸਿੰਘ ਡੀਐਸਪੀ (ਲੰਬੀ), ਰਮਨਪ੍ਰੀਤ ਸਿੰਘ ਗਿੱਲ ਡੀ.ਐਸ.ਪੀ (ਡੀ) ਸਮੇਤ 120 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਡੀ ਐਸ ਪੀ ਨੇ ਦੱਸਿਆ ਕਿ ਅਪ੍ਰੈਸ਼ਨ ਸੀਲ ਤਹਿਤ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ’ਤੇ ਨਾਕਾਬੰਦੀ ਕਰਕੇ ਦੋਨਾ ਰਾਜਾਂ ਦੀ ਪੁਲਿਸ ਨਾਲ ਮਿਲ ਕੇ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ, ਸਰਹੱਦ ਤੋਂ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ, ਤਾਂ ਜੋ ਨਸ਼ਿਆਂ ਦੀ ਤਸਕਰੀ, ਨਾਜਾਇਜ਼ ਸ਼ਰਾਬ ਅਤੇ ਹੋਰ ਗੈਰਕਾਨੂੰਨੀ ਸਮੱਗਲਿੰਗ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਰਚ ਅਪਰੇਸ਼ਨ ਅੱਗੇ ਵੀ ਜਾਰੀ ਰਹਿਣਗੇ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਕੋਈ ਜਾਣਕਾਰੀ ਹੋਵੇ, ਤਾਂ ਉਹ ਬੇਝਿਜਕ ਜ਼ਿਲ੍ਹਾ ਪੁਲਿਸ ਕੰਟਰੋਲ ਰੂਮ ਜਾਂ ਆਪਣੇ ਨਜ਼ਦੀਕ ਕਿਸੇ ਵੀ ਥਾਣੇ ਵਿੱਚ ਦੇ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਤੁਹਾਡੀ ਪਛਾਣ ਗੁਪਤ ਰੱਖੇਗੀ ਅਤੇ ਤੁਹਾਡੀ ਦਿੱਤੀ ਜਾਣਕਾਰੀ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਆਮ ਪਬਲਿਕ ਨੂੰ ਨਸ਼ਿਆਂ ਅਤੇ ਅਪਰਾਧ ਖ਼ਿਲਾਫ਼ ਲੜਾਈ ਵਿੱਚ ਪੁਲਿਸ ਦਾ ਸਾਥ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਤੁਹਾਡਾ ਸਹਿਯੋਗ ਸਮਾਜ ਨੂੰ ਨਸ਼ਾ ਮੁਕਤ ਅਤੇ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।





