ਦੋਦਾ, 21 ਅਗਸਤ (ਲਖਵੀਰ ਸਿੰਘ ਧੂਲਕੋਟੀਆ)-ਪਿੰਡ ਦੋਦਾ ਵਿਖੇ ਇੱਕ ਗਰੀਬ ਨੌਜਵਾਨ ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਦੁਖੀ ਹਿਰਦੇ ਨਾਲ ਜਾਣਕਾਰੀ ਦਿੰਦਿਆਂ ਮਿ੍ਤਕ ਗੁਰਮੀਤ ਸ਼ਰਮਾ ਉਰਫ ਗੀਤਾ (29) ਪੁੱਤਰ ਕ੍ਰਿਸ਼ਨ ਲਾਲ ਦੇ ਭਰਾ ਜਗਸੀਰ ਸ਼ਰਮਾ ਨੇ ਦੱਸਿਆ ਕਿ ਉਸ ਦੇ ਭਰਾ ਦੀ ਪਸ਼ੂਆਂ ਦੇ ਵਾੜੇ ‘ਚ ਹਰਾ ਚਾਰਾ ਕੁਤਰਨ ਲਈ ਬਿਜਲੀ ਦੀ ਮੋਟਰ ਚਲਾਉਂਦੇ ਸਮੇਂ ਸਟਾਰਟਰ ਤੋਂ ਜਬਰਦਸਤ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿ੍ਤਕ ਗੁਰਮੀਤ ਸ਼ਰਮਾ ਉਰਫ ਗੀਤਾ ਇੱਕ ਛੋਟਾ ਕਿਸਾਨ ਸੀ, ਜਿਸ ਕੋਲ ਇਕ ਏਕੜ ਤੋਂ ਵੀ ਘੱਟ ਜਮੀਨ ਸੀ, ਜਿਸ ਕਾਰਨ ਉਹ ਦੁੱਧ ਦਾ ਛੋਟਾ ਕਾਰੋਬਾਰ ਕਰਕੇ ਬੜੀ ਮੁਸ਼ਕਿਲ ਨਾਲ ਘਰ ਦਾ ਗੁਜਾਰਾ ਕਰ ਰਿਹਾ ਸੀ। ਮਿ੍ਤਕ ਗੁਰਮੀਤ ਸ਼ਰਮਾ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਗਰੀਬ ਕਿਸਾਨ ਦੇ ਪਰਿਵਾਰ ਲਈ ਮੱਦਦ ਦੀ ਗੁਹਾਰ ਲਗਾਈ ਹੈ।






