ਸ਼੍ਰੀ ਮੁਕਤਸਰ ਸਾਹਿਬ, 28 ਅਗਸਤ (ਗੁਰਮੀਤ ਵਰਮਾ)- ਕੋਟਕਪੂਰਾ ਰੋਡ ਤੋਂ ਬਠਿੰਡਾ ਰੋਡ-ਮਲੋਟ ਰੋਡ ਤੱਕ ਬਣੀ ਸੁਤੰਤਰਤਾ ਸੈਨਾਨੀ ਡਾ. ਕੇਹਰ ਸਿੰਘ ਮਾਰਗ ਦਾ ਨਵੀਨੀਕਰਨ ਹੋਣ ਲੱਗਿਆ ਹੈ, ਇਸ ਨਵੀਨੀਕਰਨ ’ਤੇ ਲਗਭਗ 92 ਲੱਖ ਰੁਪਏ ਖਰਚ ਆਉਣਗੇ। ਜ਼ਿਕਰਯੋਗ ਹੈ ਕਿ ਬਾਈਪਾਸ ’ਤੇ ਡੀਸੀ. ਦਫ਼ਤਰ, ਕਚਹਿਰੀ, ਮੀਨਾਰ ਏ ਮੁਕਤਾ, ਕਈ ਸਕੂਲ, ਹਸਪਤਾਲ, ਕਈਆਂ ਦੀ ਗਿਣਤੀ ’ਚ ਉਸਾਰੀਆਂ ਗਈਆਂ ਇਮਾਰਤਾਂ ਅਤੇ ਸੈਟਰਲ ਪਲਾਜ਼ਾ, ਕਲੌਨੀਆਂ ਅਤੇ ਸੈਂਟਰਲ ਪਲਾਜ਼ਾ ਆਦਿ ਮੌਜੂਦ ਹਨ। ਸ਼ਹਿਰ ਦਾ ਪ੍ਰਮੁੱਖ ਬਾਈਪਾਸ ਹੋਣ ਕਾਰਨ ਇਥੋਂ ਵੱਡੀ ਗਿਣਤੀ ’ਚ ਭਾਰੇ ਵਾਹਨਾਂ, ਬੱਸਾਂ ਅਤੇ ਕਾਰਾਂ ਸਮੇਤ ਦੂਸਰੇ ਸ਼ਹਿਰਾਂ ਨੂੰ ਜਾਣ ਵਾਲੇ ਵਹੀਕਲ ਇਸ ਸੜ੍ਹਕ ਦਾ ਇਸਤੇਮਾਲ ਕਰਦੇ ਹਨ। ਇਸ ਸੜ੍ਹਕ ਦੀ ਬੇਹੱਦ ਮੰਦੀ ਹਾਲਤ ਕਾਰਨ ਸ਼ਹਿਰ ਅਤੇ ਇਲਾਕਾ ਨਿਵਾਸੀ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਸਨ। ਇਸ ਸੜ੍ਹਕ ਬਨਾਉਣ ਦੀ ਸ਼ੁਰੂਆਤ ਹੋਣ ’ਤੇ ਸਭ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਸੜ੍ਹਕ ਦੇ ਬਣਨ ਉਪਰੰਤ ਜੋ ਸਮੱਸਿਆਵਾਂ ਭਵਿੱਖ ਵਿੱਚ ਪੈਦਾ ਹੋਣ ਦੀ ਪ੍ਰਬਲ ਸਭਾਵਨਾ ਨੂੰ ਲੈ ਕੇ ਦੂਰਅੰਦੇਸ਼ ਸਖ਼ਸ਼ੀਅਤਾਂ ਨੇ ਕਈ ਪ੍ਰਕਾਰ ਦੇ ਖਦਸ਼ੇ ਵੀ ਸਾਹਮਣੇ ਲਿਆਂਦੇ ਹਨ। ਜਿਸ ਅਨੁਸਾਰ ਇਸ ਇਲਾਕੇ ਵਿੱਚ ਸਥਾਨਕ ਕੋਟਕਪੂਰਾ ਰੋਡ ਤੋਂ ਲੈ ਕੇ ਕੱਚਾ ਥਾਂਦੇਵਾਲਾ ਰੋਡ ਤੱਕ ਸਰਕਾਰੀ ਸੀਵਰੇਜ਼ ਨਹੀਂ ਹੈ। ਇਸ ਇਲਾਕੇ ਵਿੱਚ ਹਸਪਤਾਲ, ਵੱਡੀ ਗਿਣਤੀ ’ਚ ਉਸਾਰੀਆਂ ਗਈਆਂ ਇਮਾਰਤਾਂ ਅਤੇ ਸੈਟਰਲ ਪਲਾਜ਼ਾ, ਕਲੌਨੀਆਂ ਆਦਿ ਦਾ ਵਰਤਿਆ ਗਿਆ ਪਾਣੀ ਆਦਿ ਦੀ ਨਿਕਾਸੀ ਦਾ ਕੀ ਪ੍ਰਬੰਧ ਕੀਤਾ ਜਾਵੇਗਾ। ਜੇਕਰ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਕੀਤਾ ਗਿਆ ਤਾਂ ਉਕਤ ਏਰੀਏ ਦਾ ਪਾਣੀ ਇਸ ਨਵੀਂ ਬਣ ਰਹੀ ਸੜ੍ਹਕ ’ਤੇ ਖੜ੍ਹੇਗਾ, ਜਿਸ ਕਾਰਨ ਥੋੜੇ ਸਮੇਂ ਵਿੱਚ ਹੀ ਇਹ ਸੜ੍ਹਕ ਮੁੜ ਟੁੱਟ-ਫੁੱਟ ਦਾ ਸ਼ਿਕਾਰ ਹੋ ਜਾਵੇਗੀ। ਇਸ ਇਲਾਕੇ ਵਿੱਚ ਸਥਿਤ ਸੈਂਟਰਲ ਪਲਾਜ਼ਾ ਜਿਸ ਵਿੱਚ ਲੱਗਭਗ 300 ਦੇ ਕਰੀਬ ਸ਼ੋਰੂਮ ਆਦਿ ਹਨ। ਸਾਡੀ ਜਾਣਕਾਰੀ ਅਨੁਸਾਰ ਇਸ ਇਨਕਲੇਵ ਨੇ ਸੀਵਰੇਜ਼ ਦੀ ਨਿਕਾਸੀ ਵਾਲੇ ਪਾਣੀ ਦੀ ਖਪਤ ਲਈ ਟ੍ਰੀਟਮੈਂਟ ਪਲਾਂਟ ਲਗਾਕੇ ਉਸ ਪਾਣੀ ਨੂੰ ਪਾਰਕ ਅਤੇ ਪੌਦਿਆਂ ਨੂੰ ਦੇਣ ਲਈ ਲਿਖਤੀ ਤੌਰ ’ਤੇ ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ ਨੂੰ ਦੇ ਕੇ ਇਸ ਦਾ ਨਕਸ਼ਾ ਪਾਸ ਕਰਵਾਇਆ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਉਕਤ ਇਨਕਲੇਵ ਵਿੱਚ ਕੋਈ ਟ੍ਰੀਟਮੈਂਟ ਪਲਾਂਟ ਅਜੇ ਤੱਕ ਨਹੀਂ ਬਣਾਇਆ ਗਿਆ। ਬਾਈਪਾਸ ’ਤੇ ਸੀਵਰੇਜ਼ ਮੌਜੂਦ ਨਾ ਹੋਣ ਕਾਰਨ ਇਸ ਇਨਕਲੇਵ ਅਤੇ ਹੋਰ ਮੌਜੂਦ ਘਰਾਂ ਤੇ ਦੁਕਾਨਾਂ ਦਾ ਸਾਰਾ ਪਾਣੀ ਉਕਤ ਸੜ੍ਹਕ ’ਤੇ ਖੜ੍ਹਦਾ ਹੈ। ਪਲਾਜ਼ਾ ਮਾਲਕਾਂ ਨੇ ਵੱਡੀ ਗਿਣਤੀ ਵਿੱਚ ਸ਼ੋਰੂਮ ਵੇਚ ਦਿੱਤੇ ਹਨ, ਪਰ ਉਨ੍ਹਾਂ ਨੇੇ ਉਕਤ ਸਭ ਤੋਂ ਮਹੱਤਵਪੂਰਨ ਸੜ੍ਹਕ ’ਤੇ ਸੀਵਰੇਜ਼ ਤੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੈ। ਹੁਣ ਮੰਡੀ ਬੋਰਡ ਨੇ ਫਿਰ ਤੋਂ ਇਸੇ ਸੜ੍ਹਕ ’ਤੇ 92 ਲੱਖ ਰੁਪਏ ਖਰਚ ਕਰਕੇ ਨਵੀਂ ਬਨਾਉਣ ਦਾ ਕੰਮ ਸ਼ੁਰੂ ਕੀਤਾ ਹੈ। ਪਰ ਪਾਣੀ ਤੇ ਸੀਵਰੇਜ਼ ਦੀ ਨਿਕਾਸੀ ਦਾ ਕੋਈ ਇੰਤਜਾਮ ਹੁਣ ਵੀ ਨਹੀਂ ਕੀਤਾ ਗਿਆ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸੜ੍ਹਕ ਬਣਨ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਹੋਣਾ ਚਾਹੀਦਾ। ਜਦੋਂ ਇਸ ਸਬੰਧ ’ਚ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੜ੍ਹਕ ਦਾ ਨਿਰਮਾਣ ਕਾਰਜ਼ ਤਾਂ ਮੰਡੀ ਬੋਰਡ ਦੇ ਅਧੀਨ ਹੈ ਤੇ ਉਹ ਹੀ ਕਰਵਾ ਰਿਹਾ ਹੈ। ਪਰ ਸੀਵਰੇਜ਼ ਅਤੇ ਬਾਰਿਸ਼ ਦਾ ਪਾਣੀ ਨਾ ਨਿਕਲਣ ਦਾ ਮੁੱਦਾ ਬਹੁਤ ਹੀ ਗੰਭੀਰ ਹੈ। ਇਹ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ, ਤੇ ਉਹ ਜਲਦੀ ਹੀ ਇਸ ’ਤੇ ਕਾਰਵਾਈ ਕਰਨਗੇ।





