ਸ਼੍ਰੀ ਮੁਕਤਸਰ ਸਾਹਿਬ, 05 ਸਤੰਬਰ (ਗੁਰਮੀਤ ਵਰਮਾ)- ਸ਼੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ-ਬਠਿੰਡਾ ਬਾਈਪਾਸ ਰੋਡ ਦਾ ਨਵੀਨੀਕਰਨ ਕੀਤੇ ਜਾਣ ਦਾ ਉਦਘਾਟਨ ਪਿਛਲੇਂ ਦਿਨੀਂ ਹਲਕੇ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਕੀਤਾ ਗਿਆ ਸੀ। ਇਸ ਉਪਰੰਤ ਸਥਾਨਕ ਪੈ੍ਰਸ ਨੇ ਖਬਰਾਂ ਪ੍ਰਕਾਸ਼ਿਤ ਕੀਤੀਆਂ ਸਨ ਕਿ ਇਸ ਸੜ੍ਹਕ ’ਤੇ ਸੀਵਰੇਜ਼ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਸੜ੍ਹਕ ’ਤੇ ਸਥਿਤ ਸੈਟਰਲ ਪਲਾਂਜਾ ਜਿਸ ਵਿੱਚ ਸੈਕੜੇ ਸ਼ੋ-ਰੂਮ ਅਤੇ ਦਫ਼ਤਰਾਂ ਤੋਂ ਇਲਾਵਾ ਹੋਰ ਵੀ ਰਿਹਾਇਸ਼ੀ ਮਕਾਨ ਹਨ। ਜਿਨ੍ਹਾਂ ਦਾ ਪਾਣੀ ਇਸ ਬਾਈਪਾਸ ਦੀ ਸੜ੍ਹਕ ’ਤੇ ਆ ਕੇ ਖੜ੍ਹ ਜਾਂਦਾ ਹੈ। ਜਿਸ ਕਾਰਨ ਆਵਾਜਾਈ ਵਿਘਨ ਪੈਣ ਦੇ ਨਾਲ-ਨਾਲ ਸੜ੍ਹਕ ਵੀ ਥੋੜੇ ਸਮੇਂ ਵਿੱਚ ਹੀ ਟੁੱਟ ਜਾਂਦੀ ਹੈ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਵਿਸਵਾਸ਼ ਦੁਆਇਆ ਸੀ ਕਿ ਸੀਵਰੇਜ਼ ਸਬੰਧੀ ਸਮੱਸਿਆਵਾਂ ਦਾ ਜਲਦ ਹੱਲ ਕਰਨ ਉਪਰੰਤ ਸੜ੍ਹਕ ਬਣਾਈ ਜਾਵੇਗੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਪਲਾਜ਼ਾ ਆਦਿ ਦਾ ਪਾਣੀ ਕੱਢਣ ਲਈ ਸੜ੍ਹਕ ਤੋੜਕੇ ਇੱਕ ਨਾਲੀ ਬਣਾਈ ਗਈ ਹੈ ਅਤੇ ਉਹ ਪਾਣੀ ਸੜ੍ਹਕ ਦੇ ਦੂਸਰੇ ਪਾਸੇ ਸਥਿਤ ਖੇਤਾਂ ਵਿੱਚ ਪਾਇਆ ਜਾ ਰਿਹਾ ਹੈ। ਸਾਡੀ ਜਾਣਕਾਰੀ ਅਨੁਸਾਰ ਉਕਤ ਸੜ੍ਹਕ ਤੋੜ ਕੇ ਨਾਲੀ ਕੱਢਣ ਦੀ ਮਨਜੂਰੀ ਮੰਡੀ ਬੋਰਡ ਵਲੋਂ ਦਿੱਤੀ ਗਈ ਹੈ, ਕਾਨੂੰਨ ਅਨੁਸਾਰ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੀ ਸੜ੍ਹਕ ਕਟਿੰਗ ਅਤੇ ਸਬੰਧਿਤ ਕੰਮ ਮੁਕੰਮਲ ਕਰਨ ਦੀ ਸ਼ਰਤ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮੰਡੀ ਬੋਰਡ ਦੇ ਐਸ.ਡੀ.ਓ. ਵੀਨਸ ਗਰਗ ਨੇ ਦੱਸਿਆ ਕਿ ਇਹ ਮਾਮਲਾ ਤੁਸੀ ਮੇਰੇ ਧਿਆਨ ਵਿੱਚ ਲਿਆਂਦਾ ਹੈ, ਹੁਣ ਸਾਡਾ ਜੇ.ਈ. ਮੌਕੇ ’ਤੇ ਜਾ ਕੇ ਸਾਰੀ ਜਾਣਕਾਰੀ ਪ੍ਰਾਪਤ ਕਰਨ ਗਏ ਹਨ ਜੋ ਵੀ ਜਾਣਕਾਰੀ ਮਿਲੀ ਤੁਹਾਨੂੰ ਦੱਸ ਦੇਵਾਂਗੇ।
ਜ਼ਿਕਰਯੋਗ ਹੈ ਕਿ ਇਸ ਸੜ੍ਹਕ ਦਾ ਟੈਂਡਰ ਹੋ ਚੁੱਕਾ ਹੈ ਅਤੇ ਹਲਕੇ ਦੇ ਵਿਧਾਇਕ ਸੜ੍ਹਕ ਬਨਾਉਣ ਦਾ ਉਦਘਾਟਨ ਵੀ ਕਰ ਚੁੱਕੇ ਹਨ। ਫਿਲਹਾਲ ਸੜ੍ਹਕ ਬਨਾਉਣ ਦਾ ਕੰਮ ਪੂਰੀ ਤਰ੍ਹਾਂ ਬੰਦ ਹੈ। ਇਸ ਬਾਈਪਾਸ ਰੋਡ ’ਤੇ ਕੱਚਾ ਥਾਂਦੇਵਾਲਾ ਰੋਡ ਤੋਂ ਲੈ ਕੇ ਕੋਟਕਪੂਰਾ ਰੋਡ ਤੱਕ ਸਰਕਾਰੀ ਸੀਵਰੇਜ਼ ਨਹੀਂ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਕਈ ਕਾਰੋਬਾਰੀ ਸੀਵਰੇਜ਼ ਦਾ ਬਿੱਲ ਸਬੰਧਿਤ ਵਿਭਾਗ ਕੋਲ ਜਮ੍ਹਾਂ ਕਰਵਾਉਣ ਦੀ ਗੱਲ ਆਖ ਰਹੇ ਹਨ। ਪਰ ਇਸ ਵਿੱਚ ਅਸਲ ਸਚਾਈ ਕੀ ਹੈ ਇਹ ਸਬੰਧਿਤ ਵਿਭਾਗ ਵੱਲੋਂ ਸਪੱਸ਼ਟ ਕੀਤੇ ਜਾਣ ’ਤੇ ਹੀ ਸਾਹਮਣੇ ਆਵੇਗੀ।
ਜਦੋਂ ਇਸ ਮਾਮਲੇ ਸਬੰਧੀ ਪਬਲਿਕ ਹੈਲਥ ਦੇ ਐਸ.ਸੀ. ਰਿਤੇਸ਼ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੁੰਦੀ, ਸਾਡੇ ਵਿਭਾਗ ਦੇ ਐਕਸੀਅਨ ਪੱਧਰ ’ਤੇ ਜਾਣਕਾਰੀ ਮਿਲ ਸਕਦੀ ਹੈ।
ਉਧਰ ਜਦੋਂ ਇਸ ਸਬੰਧੀ ਪਬਲਿਕ ਹੈਲਥ ਦੇ ਐਕਸੀਅਨ ਸ਼ਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸੜ੍ਹਕ ਮੰਡੀ ਬੋਰਡ ਦੇ ਅਧਿਕਾਰ ਖੇਤਰ ’ਚ ਹੈ, ਸੀਵਰੇਜ਼ ਸਬੰਧੀ ਸਾਡੇ ਐਸ.ਡੀ.ਓ. ਤੋਂ ਪਤਾ ਕਰ ਸਕਦੇ ਹੋ, ਪਰ ਐਸ.ਡੀ.ਓ. ਨਵਪ੍ਰੀਤ ਸਿੰਘ ਨੇ ਫੋਨ ਨਹੀਂ ਚੁੱਕਿਆ।





