ਸ੍ਰੀ ਮੁਕਤਸਰ ਸਾਹਿਬ, 09 ਜੁਲਾਈ (ਮਨਜੀਤ ਸਿੱਧੂ):- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫਤਣਵਾਲਾ ਨੇ ਦਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਨੂੰ ਓਟੀਟੀ ਪਲੇਟਫਾਰਮ ਤੋਂ ਹਟਾਏ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਇਸ ਫਿਲਮ ਦਾ ਨਾਮ ‘ਪੰਜਾਬ 95’ ਸੀ, ਜੋ ਲੰਬੇ ਸਮੇਂ ਤੱਕ ਸੈਂਸਰ ਬੋਰਡ ਵਿੱਚ ਅਟਕੀ ਰਹੀ। ਉਨ੍ਹਾਂ ਕਿਹਾ ਕਿ ਕਰੀਬ ਦੋ ਸਾਲਾਂ ਬਾਅਦ ਫਿਲਮ ਦਾ ਨਾਮ ਬਦਲ ਕੇ ‘ਸਤਲੁਜ’ ਰੱਖਿਆ ਗਿਆ, ਪਰ ਹੁਣ ਇਸ ਨੂੰ ਓਟੀਟੀ ਪਲੇਟਫਾਰਮ ਤੋਂ ਵੀ ਹਟਾ ਦਿੱਤਾ ਗਿਆ ਹੈ। ਹਨੀ ਫਤਣਵਾਲਾ ਨੇ ਕਿਹਾ ਕਿ ਇਹ ਫਿਲਮ ਪੰਜਾਬ ਦੇ 1984 ਤੋਂ ਬਾਅਦ ਦੇ ਦੌਰ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਉਸ ਸਮੇਂ ਦੇ ਹਾਲਾਤਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਦੇ ਅਨੁਸਾਰ, ਫਿਲਮ ਵਿੱਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਸ ਸਮੇਂ ਸਰਕਾਰੀ ਤੰਤਰ ਅਤੇ ਪੁਲਿਸ ਵੱਲੋਂ ਅੱਤਵਾਦ ਖ਼ਤਮ ਕਰਨ ਦੇ ਨਾਮ ’ਤੇ ਨੌਜਵਾਨਾਂ ਨਾਲ ਕਥਿਤ ਤੌਰ ’ਤੇ ਕੀਤੇ ਗਏ ਤਸ਼ੱਦਦ ਅਤੇ ਫਰਜ਼ੀ ਮੁਕਾਬਲਿਆਂ ਨੂੰ ਕਿਵੇਂ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਫਿਲਮਾਂ ਇਤਿਹਾਸ ਦੇ ਇੱਕ ਅਹਿਮ ਪੱਖ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸਾਧਨ ਬਣ ਸਕਦੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਨਵੀਂ ਪੀੜ੍ਹੀ ਨੂੰ ਉਸ ਸਮੇਂ ਦੇ ਹਾਲਾਤਾਂ ਅਤੇ ਘਟਨਾਵਾਂ ਬਾਰੇ ਜਾਣਨ ਦਾ ਮੌਕਾ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਇਤਿਹਾਸ ਨੂੰ ਸਮਝ ਸਕੇ। ਹਨੀ ਫਤਣਵਾਲਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਫਿਲਮ ਦੀ ਰਿਲੀਜ਼ ਸਬੰਧੀ ਬਣੀ ਸਥਿਤੀ ਦਾ ਹੱਲ ਕੱਢਿਆ ਜਾਵੇ ਅਤੇ ਜੇਕਰ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤਾਂ ਇਸ ਨੂੰ ਦਰਸ਼ਕਾਂ ਤੱਕ ਪਹੁੰਚਣ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਇਤਿਹਾਸਕ ਵਿਸ਼ੇ ’ਤੇ ਆਧਾਰਿਤ ਫਿਲਮ ਨੂੰ ਲੋਕਾਂ ਦੇ ਸਾਹਮਣੇ ਆਉਣ ਦੇਣਾ ਚਾਹੀਦਾ ਹੈ ਤਾਂ ਜੋ ਸਮਾਜ ਉਸ ਦੌਰ ਬਾਰੇ ਵੱਖ-ਵੱਖ ਪੱਖਾਂ ਨੂੰ ਸਮਝ ਸਕੇ। ਇਸ ਮੌਕੇ ਇੱਕਬਾਲ ਸਿੰਘ ਸੰਗੁਧੌਣ, ਜੱਥੇਦਾਰ ਤਰਸੇਮ ਸਿੰਘ, ਗਗਨ ਸੰਧੂ ਕਾਨਿਆ ਵਾਲੀ, ਗੁਰਜੀਤ ਸਿੰਘ ਸਦਰਵਾਲਾ, ਬੇਅੰਤ ਸਿੰਘ ਸੰਗੂਧੌਣ, ਅੰਗਰੇਜ਼ ਸਿੰਘ ਬੂੜਾ ਗੁੱਜ਼ਰ, ਗਗਨਦੀਪ ਸਿੰਘ ਹਰਾਜ਼ ਅਤੇ ਸਾਜਨ ਬਰਾੜ ਆਦਿ ਮੌਜੂਦ ਸਨ।






