ਬਲਾਚੌਰ, 10 ਜੁਲਾਈ (ਜਤਿੰਦਰਪਾਲ ਸਿੰਘ ਕਲੇਰ): ਪਿੰਡ ਬੂਲੇਵਾਲ ਵਿਖੇ ਲਾਲ ਸਿੰਘ ਸੈਕਟਰੀ ਦੀ ਸਤਿਕਾਰਯੋਗ ਧਰਮਪਤਨੀ ਦੇ ਪਿਛਲੇ ਦਿਨੀਂ ਹੋਏ ਅਕਾਲ ਚਲਾਣੇ ਉਪਰੰਤ ਅੱਜ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ (ਐਮ.ਪੀ.) ਮਾਲਵਿੰਦਰ ਸਿੰਘ ਕੰਗ ਅਤੇ ਹਲਕਾ ਬਲਾਚੌਰ ਦੇ ਵਿਧਾਇਕਾ ਬੀਬਾ ਸੰਤੋਸ਼ ਕਟਾਰੀਆ ਨੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੁਖਦਾਈ ਘੜੀ ਵਿੱਚ ਉਨ੍ਹਾਂ ਦੇ ਨਾਲ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਅਤੇ ਯੂਥ ਆਗੂ ਕਰਨਵੀਰ ਕਟਾਰੀਆ ਵੀ ਮੌਜੂਦ ਸਨ, ਜਿਨ੍ਹਾਂ ਨੇ ਸੋਗਗ੍ਰਸਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਸ ਦੁੱਖ ਨੂੰ ਸਾਂਝਾ ਕੀਤਾ। ਇਸ ਮੌਕੇ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਪਰਿਵਾਰਿਕ ਮੈਂਬਰਾਂ ਨੂੰ ਢਾਰਸ ਬੱਝਾਉਂਦਿਆਂ ਕਿਹਾ ਕਿ ਜੀਵਨ ਸਾਥੀ ਦਾ ਵਿਛੜ ਜਾਣਾ ਪਰਿਵਾਰ ਲਈ ਬਹੁਤ ਵੱਡਾ ਅਤੇ ਅਸਹਿ ਘਾਟਾ ਹੈ, ਜਿਸ ਦੀ ਪੂਰਤੀ ਕਦੇ ਨਹੀਂ ਕੀਤੀ ਜਾ ਸਕਦੀ। ਆਗੂਆਂ ਨੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਵਿਛੜੀ ਹੋਈ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖ਼ਸ਼ਣ ਅਤੇ ਲਾਲ ਸਿੰਘ ਸੈਕਟਰੀ ਸਮੇਤ ਸਮੂਹ ਪਰਿਵਾਰ ਨੂੰ ਅਕਾਲ ਪੁਰਖ ਦਾ ਭਾਣਾ ਮੰਨਣ ਦਾ ਬਲ ਅਤੇ ਇਸ ਅਸਹਿ ਵਿਛੋੜੇ ਨੂੰ ਸਹਿਣ ਦਾ ਹੌਸਲਾ ਪ੍ਰਦਾਨ ਕਰਨ।






