ਘਨੌਰ :11 ਜੁਲਾਈ (ਅਭਿਸ਼ੇਕ ਸੂਦ/ਭਾਗ ਸਿੰਘ) ਪੰਜਾਬ ਅਤੇ ਪਹਾੜੀ ਇਲਾਕਿਆਂ ਵਿੱਚ ਵੀਰਵਾਰ ਤੋ ਲਗਾਤਾਰ ਪੈ ਰਹੀ ਬਰਸਾਤ ਅਤੇ ਪਾਣੀ ਦੀ ਢੁੱਕਵੀਂ ਨਿਕਾਸੀ ਨਾ ਹੋਣ ਕਾਰਨ ਹਲ਼ਕਾ ਘਨੌਰ ਦੇ ਪਿੰਡ ਸਾਹਲ ਵਿੱਚ ਹਾਲਾਤ ਗੰਭੀਰ ਬਣ ਗਏ ਹਨ। ਖੇਤਾਂ ਵਿੱਚ ਖੜ੍ਹੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ, ਜਦਕਿ ਕਈ ਘਰਾਂ ਵਿੱਚ ਵੀ ਬਰਸਾਤੀ ਪਾਣੀ ਦਾਖ਼ਲ ਹੋ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਨਿਕਾਸ ਲਈ ਕੋਈ ਪੱਕਾ ਪ੍ਰਬੰਧ ਨਾ ਹੋਣ ਕਾਰਨ ਹਰ ਸਾਲ ਉਨ੍ਹਾਂ ਨੂੰ ਇਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।ਕਿਸਾਨਾਂ ਨੇ ਦੱਸਿਆ ਕਿ ਕਈ ਏਕੜ ਰਕਬੇ ਵਿੱਚ ਫਸਲਾਂ ਪਾਣੀ ਹੇਠ ਆ ਗਈਆਂ ਹਨ, ਜਿਸ ਨਾਲ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਘਰਾਂ ਵਿੱਚ ਪਾਣੀ ਭਰਨ ਕਾਰਨ ਰੋਜ਼ਾਨਾ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋ ਗਈ ਹੈ ਅਤੇ ਲੋਕਾਂ ਨੂੰ ਘਰੇਲੂ ਸਮਾਨ ਬਚਾਉਣ ਲਈ ਕਾਫ਼ੀ ਜੱਦੋਜਹਿਦ ਕਰਨੀ ਪੈ ਰਹੀ ਹੈ।ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।ਪਿੰਡ ਸਾਹਲ ਨਿਵਾਸੀ ਪੰਜਾਬ ਸਿੰਘ ਨੇ ਕਿਹਾ ਕਿ “ਸਾਡੇ ਖੇਤਾਂ ਵਿੱਚ ਕਈ ਫੁੱਟ ਪਾਣੀ ਖੜ੍ਹਾ ਹੈ, ਜਿਸ ਨਾਲ ਫਸਲ ਪੂਰੀ ਤਰ੍ਹਾਂ ਖ਼ਰਾਬ ਹੋਣ ਦਾ ਡਰ ਹੈ। ਅਸੀਂ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਮੰਗ ਕਰਦੇ ਹਾਂ ਉਨ੍ਹਾਂ ਕਿਹਾ ਕਿ ਘਰਾਂ ਵਿੱਚ ਪਾਣੀ ਦਾਖ਼ਲ ਹੋਣ ਕਾਰਨ ਬਹੁਤ ਪਰੇਸ਼ਾਨੀ ਆ ਰਹੀ ਹੈ। ਜੇ ਸਮੇਂ ਸਿਰ ਨਿਕਾਸੀ ਦਾ ਪ੍ਰਬੰਧ ਹੁੰਦਾ ਤਾਂ ਇਹ ਹਾਲਾਤ ਨਾ ਬਣਦੇ। ਨਾਲ ਹੀ ਉਨਾਂ ਮੌਜੂਦਾ ਤੇ ਸਾਬਕਾ ਸਰਕਾਰਾਂ ਤੇ ਨਿਸਾਨਾਂ ਸਾਧਦੇ ਹੋਏ ਕਿਹਾ ਕਿ ਅੱਜ ਤੱਕ ਸਾਡੇ ਕਿਸੇ ਸਰਕਾਰ ਨੇ ਪਿੰਡ ਵਾਸੀਆਂ ਦੀ ਸਾਰ ਨਹੀਂ ਲਈ ਜੇਕਰ ਹੁਣ ਵੀ ਸਾਡੀ ਇਸ ਸਮੱਸਿਆ ਦਾ ਹੱਲ ਨਹੀਂ ਨਿਕਲਦਾ ਤਾਂ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਦਾ ਪਿੰਡ ਵੱਲੋਂ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇਗਾ।ਇਸ ਮੌਕੇ ਤੇ ਪਹੁੰਚੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਕਿਹਾ ਕਿ ਹਰ ਸਾਲ ਇਹੀ ਸਮੱਸਿਆ ਸਾਹਮਣੇ ਆਉਂਦੀ ਹੈ, ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਗੰਭੀਰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆਂ ਦਾ ਪੱਕਾ ਹੱਲ ਨਾ ਕੀਤਾ ਤਾ ਆਓਣ ਵਾਲੇ ਦਿਨਾਂ ਵਿੱਚ ਸਘੰਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਤੇ ਲੱਖਾ ਸਿੰਘ ਲੰਬੜਦਾਰ ਜਰਨਲ ਸਕੱਤਰ ਪੰਜਾਬ, ਸੋਨੂੰ ਕੁਆਟਰ ਦਫਤਰ ਇੰਚਾਰਜ ,ਕੁਲਦੀਪ ਸਿੰਘ ਸਾਹਲ , ਪੰਜਾਬ ਸਾਹਲ , ਜਰਨੈਲ ਸਿੰਘ, ਸੁਖਚੈਨ ਸਿੰਘ, ਦਲਜੀਤ ਸਿੰਘ ਨੰਬਰਦਾਰ,ਜਸਪਾਲ ਸਿੰਘ, ਫਤਿਹ ਸਿੰਘ, ਬਲਕਾਰ ਸਿੰਘ, ਸ਼ੇਰ ਸਿੰਘ,ਜੋਗਾ ਸਿੰਘ,ਮੇਹਰ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।






