ਨੂਰਪੁਰਬੇਦੀ: ਦਲਜੀਤ ਚਨੌਲੀ ਨੂਰਪੁਰਬੇਦੀ–ਬੁੰਗਾ ਮੁੱਖ ਮਾਰਗ ਤੋਂ ਪਿੰਡ ਮੂਸਾਪੁਰ, ਸਸਕੌਰ ਅਤੇ ਬੜਵਾ ਤੱਕ ਬਣ ਰਹੀ ਸੜਕ ਦੇ ਨੀਂਹ ਪੱਥਰ ਨਾਲ ਕੀਤੀ ਗਈ ਭੰਨਤੋੜ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਰਾਜਨੀਤਿਕ ਮਾਹੌਲ ਗਰਮਾ ਗਿਆ ਹੈ। ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਅਤੇ ਵਿਰੋਧੀ ਧਿਰ ਦੇ ਲੋਕਾਂ ਨੂੰ ਵਿਕਾਸ ਕਾਰਜ ਹਜ਼ਮ ਨਹੀਂ ਹੋ ਰਹੇ ਤੇ ਹੁਣ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ‘ਤੇ ਉਤਰ ਆਏ ਹਨ।ਉਨ੍ਹਾਂ ਦੱਸਿਆ ਕਿ ਨੂਰਪੁਰਬੇਦੀ–ਬੁੰਗਾ ਸਾਹਿਬ ਮੁੱਖ ਮਾਰਗ ਤੋਂ ਮੂਸਾਪੁਰ, ਸਸਕੌਰ ਅਤੇ ਬੜਵਾ ਤੱਕ ਲੰਬੇ ਸਮੇਂ ਤੋਂ ਕੱਚਾ ਰਸਤਾ ਸੀ, ਜਿਸ ਨੂੰ ਪੱਕੀ ਸੜਕ ਬਣਾਉਣ ਦੀ ਮੰਗ ਪਿੰਡ ਵਾਸੀਆਂ ਵੱਲੋਂ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਸੀ। ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਲੋਕਾਂ ਦੀ ਇਸ ਮੰਗ ਨੂੰ ਮਨਜ਼ੂਰ ਕਰਵਾਉਂਦਿਆਂ ਲਗਭਗ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦਾ ਨਿਰਮਾਣ ਕੰਮ ਸ਼ੁਰੂ ਕਰਵਾਇਆ ਸੀ। ਕੁਝ ਦਿਨ ਪਹਿਲਾਂ ਇਸ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ ਗਿਆ ਸੀ।ਸਤਨਾਮ ਸਿੰਘ ਨਾਗਰਾ ਨੇ ਕਿਹਾ ਕਿ ਵਿਰੋਧੀ ਨੀਂਹ ਪੱਥਰ ਤੋੜ ਸਕਦੇ ਹਨ, ਪਰ ਇਲਾਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਰੋਕ ਸਕਦੇ। ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀਆਂ ਕੋਲ ਲੋਕਾਂ ਦੇ ਸਾਹਮਣੇ ਜਾਣ ਲਈ ਕੋਈ ਢੁੱਕਵਾਂ ਮੁੱਦਾ ਨਹੀਂ ਬਚਿਆ। ਜਿਸ ਕਾਰਨ ਉਹ ਵਿਕਾਸ ਨੂੰ ਰੋਕਣ ਦੀ ਬਜਾਏ ਨੀਂਹ ਪੱਥਰ ਤੋੜਨ ਵਰਗੀਆਂ ਘਟੀਆ ਹਰਕਤਾਂ ਕਰ ਰਹੇ ਹਨ। ਲੋਕਾਂ ਨੂੰ ਸਹੂਲਤਾਂ ਦੇਣ ਵਾਲੀਆਂ ਸੜਕਾਂ ਦਾ ਵਿਰੋਧ ਕਰਨਾ ਜਨਹਿੱਤ ਦੇ ਖ਼ਿਲਾਫ਼ ਹੈ।ਇਸ ਮੌਕੇ ਪਿੰਡ ਮੂਸਾਪੁਰ ਦੇ ਸੀਨੀਅਰ ਆਮ ਆਦਮੀ ਪਾਰਟੀ ਆਗੂ ਨਰਿੰਦਰ ਸਿੰਘ ‘ਨਿੰਦੀ’ ਨੇ ਕਿਹਾ ਕਿ ਵਿਧਾਇਕ ਦਿਨੇਸ਼ ਚੱਢਾ ਨੇ ਪਿੰਡ ਦੀ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕਰਕੇ ਵੱਡੀ ਸੌਗਾਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨੀਂਹ ਪੱਥਰ ਨਾਲ ਭੰਨਤੋੜ ਕਰਨ ਵਾਲਿਆਂ ਖ਼ਿਲਾਫ਼ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਨੂਰਪੁਰਬੇਦੀ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਵਿਧਾਇਕ ਦਿਨੇਸ਼ ਚੱਢਾ ਦਾ ਨੀਂਹ ਪੱਥਰ ਮੁੜ ਸਥਾਪਿਤ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵਿਕਾਸ ਦੇ ਕੰਮ ਕਿਸੇ ਵੀ ਹਾਲਤ ਵਿੱਚ ਨਹੀਂ ਰੁਕਣ ਦਿੱਤੇ ਜਾਣਗੇ ਅਤੇ ਜਨਹਿੱਤ ਦੇ ਪ੍ਰੋਜੈਕਟ ਪਹਿਲਾਂ ਵਾਂਗ ਜਾਰੀ ਰਹਿਣਗੇ।
ਫੋਟੋ ਕੈਪਸ਼ਨ: ਸ਼ਰਾਰਤੀ ਅਨਸਰਾਂ ਵੱਲੋਂ ਤੋੜਿਆ ਗਿਆ ਸੜਕ ਨਿਰਮਾਣ ਦਾ ਨੀਹ ਪੱਥਰ ਤੇ ਗੱਲਬਾਤ ਕਰਦੀ ਸੰਮਤੀ ਮੈਂਬਰ ਸਤਨਾਮ ਨਾਗਰਾ






