ਅੰਮ੍ਰਿਤਸਰ, 17 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਆਗੂ ਵਿਸ਼ਾਲ ਮੰਨਣ ਨੂੰ ਪੰਜਾਬ ਬ੍ਰਾਹਮਣ ਵੈਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਆਪਣੀ ਨਿਯੁਕਤੀ ‘ਤੇ ਖੁਸ਼ੀ ਅਤੇ ਧੰਨਵਾਦ ਪ੍ਰਗਟ ਕਰਦਿਆਂ ਵਿਸ਼ਾਲ ਮੰਨਣ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ. ਦਲਬੀਰ ਸਿੰਘ ਟੌਂਗ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ। ਵਿਸ਼ਾਲ ਮੰਨਣ ਨੇ ਕਿਹਾ ਕਿ ਉਨ੍ਹਾਂ ‘ਤੇ ਵਿਸ਼ਵਾਸ ਪ੍ਰਗਟਾਉਂਦਿਆਂ ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਯੋਗ ਸਮਝਣਾ ਉਨ੍ਹਾਂ ਲਈ ਬੇਹੱਦ ਮਾਣ ਅਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ, ਪਾਰਟੀ ਲੀਡਰਸ਼ਿਪ ਅਤੇ ਸਮੂਹ ਮੈਂਬਰਾਂ ਦੇ ਇਸ ਭਰੋਸੇ ਲਈ ਸਦਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਮੈਂ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਨਿਸ਼ਠਾ, ਲਗਨ ਅਤੇ ਤਨਦੇਹੀ ਨਾਲ ਨਿਭਾਵਾਂਗਾ। ਬੋਰਡ ਦੇ ਉਦੇਸ਼ਾਂ ਅਤੇ ਲੋਕ ਭਲਾਈ ਦੇ ਟੀਚਿਆਂ ਨੂੰ ਸਾਕਾਰ ਕਰਨ ਲਈ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਾਂਗਾ ਅਤੇ ਸਭ ਨੂੰ ਨਾਲ ਲੈ ਕੇ ਅੱਗੇ ਵਧਾਂਗਾ। ਸ੍ਰੀ ਵਿਸ਼ਾਲ ਮੰਨਣ ਨੇ ਉਮੀਦ ਜ਼ਾਹਿਰ ਕੀਤੀ ਕਿ ਭਵਿੱਖ ਵਿੱਚ ਵੀ ਪਾਰਟੀ ਲੀਡਰਸ਼ਿਪ ਅਤੇ ਸਮੂਹ ਮੈਂਬਰਾਂ ਦਾ ਮਾਰਗਦਰਸ਼ਨ ਅਤੇ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਹੇਗਾ। ਉਨ੍ਹਾਂ ਇੱਕ ਵਾਰ ਫਿਰ ਪੰਜਾਬ ਸਰਕਾਰ ਅਤੇ ਪਾਰਟੀ ਲੀਡਰਸ਼ਿਪ ਦਾ ਇਸ ਵੱਡੇ ਸਨਮਾਨ ਅਤੇ ਭਰੋਸੇ ਲਈ ਦਿਲੋਂ ਧੰਨਵਾਦ ਕੀਤਾ।






