ਪੱਟੀ ਸਦੀਕ, 12 ਅਗਸਤ (ਬਲਕਰਨ ਸਿੰਘ ਮਸ਼ਾਲ): ਇਲਾਕਾ ਨਿਵਾਸੀਆਂ ਨੂੰ ਸਥਾਨਕ ਪੱਧਰ ‘ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਆਮ ਆਦਮੀ ਕਲੀਨਿਕ, ਕਿੱਲੀਆਂ ਵਾਲੀ ਵਿਖੇ ਗਰਭਵਤੀ ਔਰਤਾਂ ਲਈ ਇੱਕ ਵਿਸ਼ੇਸ਼ ‘ਏ.ਐਨ.ਸੀ. (ANC) ਕੈਂਪ’ ਲਗਾਇਆ ਗਿਆ। ਮੈਡੀਕਲ ਅਫ਼ਸਰ ਡਾ. ਆਸਤਾ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਗਰਭਵਤੀ ਔਰਤਾਂ ਦਾ ਰੂਟੀਨ ਡਾਕਟਰੀ ਮੁਆਇਨਾ ਕੀਤਾ ਗਿਆ, ਮੁਫ਼ਤ ਲੈਬਾਰਟਰੀ ਟੈਸਟ ਕੀਤੇ ਗਏ ਅਤੇ ਲੋੜੀਂਦੀਆਂ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਡਾ. ਸੰਗਮ ਨੇ ਹਾਜ਼ਰ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਸੰਤੁਲਿਤ ਖ਼ੁਰਾਕ, ਆਇਰਨ ਤੇ ਫੋਲਿਕ ਐਸਿਡ ਦੀਆਂ ਗੋਲੀਆਂ ਦੀ ਨਿਯਮਤ ਵਰਤੋਂ ਅਤੇ ਸਮੇਂ-ਸਮੇਂ ‘ਤੇ ਡਾਕਟਰੀ ਜਾਗਰੂਕਤਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਕਲੀਨਿਕਲ ਫਾਰਮਾਸਿਸਟ ਮਹਿਕ ਮੱਕੜ, ਮੋਨਿਕਾ ਰਾਣੀ, ਰਾਮਪ੍ਰਤਾਪ, ਸੀ.ਐਚ.ਓ. ਦਿਲਪ੍ਰੀਤ ਕੌਰ ਅਤੇ ਆਸ਼ਾ ਵਰਕਰਾਂ ਰਾਜਵਿੰਦਰ ਕੌਰ, ਸੁਕੰਤਲਾ ਦੇਵੀ ਤੇ ਮੰਜੂ ਬਾਲਾ ਨੇ ਅਹਿਮ ਯੋਗਦਾਨ ਪਾਇਆ। ਸਿਹਤ ਟੀਮ ਵੱਲੋਂ ਦਿੱਤੀਆਂ ਗਈਆਂ ਬਿਹਤਰ ਸਹੂਲਤਾਂ ਅਤੇ ਸੁਚੱਜੇ ਪ੍ਰਬੰਧਾਂ ਲਈ ਇਲਾਕਾ ਨਿਵਾਸੀਆਂ ਵੱਲੋਂ ਵਿਸ਼ੇਸ਼ ਸ਼ਲਾਘਾ ਕੀਤੀ ਗਈ।