ਜੈਤੋ, 13 ਅਗਸਤ (ਮਨਜੀਤ ਸਿੰਘ ਢੱਲਾ)- ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਭਾਜਪਾ ਐਸ.ਸੀ. ਮੋਰਚਾ ਦੇ ਮੀਤ ਪ੍ਰਧਾਨ ਅਤੇ ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਸਪਾਲ ਸਿੰਘ ਪੰਜਗਰਾਈ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹਲਕਾ ਜੈਤੋ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਲੋੜਵੰਦ ਸੀਨੀਅਰ ਸਿਟੀਜ਼ਨਾਂ, ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਦੀ ਸਹਾਇਤਾ ਲਈ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਕੇਂਦਰ ਸਰਕਾਰ ਦੀ ਗ੍ਰਾਂਟ ਰਾਹੀਂ 80 ਲੱਖ ਰੁਪਏ ਤੋਂ ਵੱਧ ਦੀ ਸਹਾਇਤਾ ਸਮੱਗਰੀ ਲੋੜਵੰਦਾਂ ਨੂੰ ਵੰਡੀ ਗਈ।ਇਸ ਤੋਂ ਪਹਿਲਾਂ ਵੀ ਟਰੱਸਟ ਵੱਲੋਂ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਛੇ ਕਰੋੜ ਰੁਪਏ ਤੋਂ ਵੱਧ ਦੀ ਸਮੱਗਰੀ ਲੋੜਵੰਦਾਂ ਤੱਕ ਪਹੁੰਚਾਈ ਜਾ ਚੁੱਕੀ ਹੈ। ਇਸ ਵਿੱਚ ਟਰਾਈਸਾਈਕਲ, ਬੈਟਰੀ ਵਾਲੇ ਸਾਈਕਲ, ਵ੍ਹੀਲਚੇਅਰ, ਸੁਣਨ ਵਾਲੀਆਂ ਮਸ਼ੀਨਾਂ, ਖੂੰਡੀਆਂ, ਗੋਡਿਆਂ ਦੀਆਂ ਬੈਲਟਾਂ, ਵਾਕਰ, ਡੈਸਕ, ਸੈਂਸਰ ਵਾਲੀਆਂ ਛੜੀਆਂ ਅਤੇ ਹੋਰ ਲੋੜੀਂਦਾ ਸਾਮਾਨ ਸ਼ਾਮਲ ਹੈ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸ਼ਨੀ ਬਰਾੜ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜਸਪਾਲ ਸਿੰਘ ਪੰਜਗਰਾਈ ਵੱਲੋਂ ਇਲਾਕੇ ਵਿੱਚ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਸਪਾਲ ਸਿੰਘ ਪੰਜਗਰਾਈ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੀ ਜਾ ਰਹੀ ਸੇਵਾ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹ ਪਿਛਲੇ 25 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਵਫ਼ਾਦਾਰੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾ ਚੁੱਕੇ ਹਨ।ਸੰਦੀਪ ਸਿੰਘ ਸ਼ਨੀ ਬਰਾੜ ਨੇ ਕਿਹਾ ਕਿ ਪੰਜਗਰਾਈ ਵੱਲੋਂ ਪੰਜ-ਛੇ ਜ਼ਿਲ੍ਹਿਆਂ ਵਿੱਚ ਵੱਖ-ਵੱਖ ਕੈਂਪ ਲਗਾ ਕੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ, ਜੋ ਮਨੁੱਖਤਾ ਦੀ ਸੇਵਾ ਦੀ ਇੱਕ ਮਿਸਾਲ ਹੈ।ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਹਰਦੀਪ ਸ਼ਰਮਾ ਬਾਹਮਣਵਾਲਾ, ਗਗਨ ਸੇਠੀ ਫ਼ਰੀਦਕੋਟ, ਨਸੀਬ ਸਿੰਘ ਔਲਖ, ਮੰਡਲ ਪ੍ਰਧਾਨ ਜਤਿੰਦਰ ਰੰਧਾਵਾ, ਜੈਤੋ ਦਿਹਾਤੀ ਮੰਡਲ ਪ੍ਰਧਾਨ ਡਾ. ਬਲਵਿੰਦਰ ਸਿੰਘ ਬਰਗਾੜੀ, ਹਰਪ੍ਰੀਤ ਸਿੰਘ ਸਿੱਧੂ, ਵਕੀਲ ਸਿੰਘ ਪੰਜਗਰਾਈ, ਲਖਵੀਰ ਸਿੰਘ ਢਿੱਲਵਾਂ, ਰਮਣ ਮਲਹੋਤਰਾ ਰਾਮੇਆਣਾ, ਮਨਜੀਤ ਸਿੰਘ ਦਲ ਸਿੰਘ ਵਾਲਾ, ਜਗਦੀਸ਼ ਸਿੰਘ, ਅਜੀਤ ਗਿੱਲ, ਬਾਬਾ ਜਸਵਿੰਦਰ ਦਾਸ ਰੋਮਾਣਾ ਅਤੇ ਅਲਬੇਲ ਸਿੰਘ ਵਾਲਾ ਸਮੇਤ ਹੋਰ ਆਗੂਆਂ ਨੇ ਸਹਿਯੋਗ ਦਿੱਤਾ।