ਸਰਾਏ ਅਮਾਨਤ ਖਾਂ/ਝਬਾਲ, 2 ਅਪ੍ਰੈਲ (ਗੁਰਸ਼ਰਨ ਸਿੰਘ ਔਲਖ)-ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਝਬਾਲ ਵਿਖੇ 1 ਅਪ੍ਰੈਲ 2025 ਦਿਨ ਮੰਗਲਵਾਰ ਨੂੰ ਨਵੇਂ ਸ਼ੈਸ਼ਨ ਦੀ ਆਰੰਭਤਾ ਸੁਖਮਨੀ ਸਾਹਿਬ ਦਾ ਪਾਠ ਅਤੇ ਅਰਦਾਸ ਨਾਲ ਕੀਤੀ ਗਈ । ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋਂ ਮਿਲ ਕੇ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ ਕੀਤਾ ਗਿਆ ,ਅਨੰਦ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਕਰਨ ਉਪਰੰਤ ਸਕੂਲ ਦੀ ਚੜ੍ਹਦੀ ਕਲਾ ਅਤੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਉੱਚੀਆਂ ਪੁਲਾਂਘਾਂ ਪੁੱਟਣ ਅਤੇ ਬਲ- ਬੁੱਧੀ ਬਖਸ਼ਣ ਲਈ ਅਰਦਾਸ ਕੀਤੀ ਗਈ ।ਇਸ ਮੌਕੇ ‘ਤੇ ਸਕੂਲ ਦੇ ਮੈਂਬਰ ਇੰਚਾਰਜ ਮਨਜੀਤ ਸਿੰਘ ਢਿੱਲੋਂ , ਆਦਰਸ਼ਪਿੰਦਰ ਸਿੰਘ ਮਾਨ, ਅਜੀਤਪਾਲ ਸਿੰਘ ਅਨੇਜਾ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅਨੂਰੀਤ ਬਾਵਾ ਵੱਲੋਂ ਬੱਚਿਆਂ ਨੂੰ ਨਵੇਂ ਸੈਸ਼ਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉੱਚੀਆਂਪੁਲਾਂਘਾਂ ਪੁੱਟ ਕੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ । ਇਸ ਸਮੇਂ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ ।







