ਮੋਗਾ ,16 ਅਪ੍ਰੈਲ ( ਮਨਪ੍ਰੀਤ ਸਿੰਘ ਮੋਨੂੰ )- ਸੂਬੇ ਭਰ ਦੇ ਸਕੂਲਾਂ ਵਿੱਚ ਅਖੌਤੀ ਸਿੱਖਿਆ ਕ੍ਰਾਂਤੀ ਦੇ ਨਾਮ ਹੇਠ ਨੀਂਹ ਪੱਥਰਾਂ ਅਤੇ ਉਦਘਾਟਨੀ ਸਮਾਰੋਹਾਂ ਦੀ ਝੜੀ ਲਾਉਣ ਵਾਲੀ ਆਪ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਅਧਿਆਪਕ ਜੱਥੇਬੰਦੀਆਂ ਵੱਲੋਂ ਡੀ ਸੀ ਦਫ਼ਤਰ ਮੋਗਾ ਅੱਗੇ ਰੋਸ ਪ੍ਰਦਰਸਨ ਕਰਕੇ ਪੁਤਲਾ ਫ਼ੂਕਿਆ ਗਿਆ । ਡੈਮੋਕ੍ਰੈਟਿਕ ਅਧਿਆਪਕ ਫਰੰਟ , ਕੰਪਿਊਟਰ ਅਧਿਆਪਕ ਯੂਨੀਅਨ ,ਆਦਰਸ਼ ਅਧਿਆਪਕ ਯੂਨੀਅਨ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੰਪਿਊਟਰ ਅਧਿਆਪਕ, ਵਲੰਟੀਅਰ ਕੈਟਾਗਰੀ ਦੇ ਅਧਿਆਪਕ ਅਤੇ ਐਨ ਐੱਸ ਕਿਉਂ ਐੱਫ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੋਂ ਲਗਾਤਾਰ ਆਨਾਕਾਨੀ ਕੀਤੀ ਜਾ ਰਹੀ ਹੈ । ਡੈਮੋਕ੍ਰੈਟਿਕ ਅਧਿਆਪਕ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ ਜਿਲ੍ਹਾ ਇਕਾਈ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ, ਜ਼ਿਲ੍ਹਾ ਸਕੱਤਰ ਜਗਵੀਰਨ ਕੌਰ ਅਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਠੰਡੇ ਬਸਤੇ ਪਾਉਣ ਅਤੇ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।ਬੁਲਾਰਿਆ ਨੇ ਸਰਕਾਰ ਤੋਂ ਮੇਰੀਟੋਰੀਅਸ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦੀ ਮੰਗ ਕੀਤੀ। ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਕੱਟੇ ਹੋਏ ਭੱਤਿਆਂ ਨੂੰ ਬਹਾਲ ਕਰਨ ਏ,ਸੀ,ਪੀ, ਸਕੀਮ ਨੂੰ ਲਾਗੂ ਕਰਨ ਅਤੇ ਨਵੇਂ ਤਨਖਾਹ ਸਕੇਲਾਂ ਤਹਿਤ ਤਨਖਾਹ ਕਟੌਤੀ ਰੱਦ ਕਰਨ ਤੋਂ ਇਨਕਾਰੀ ਹੋ ਚੁੱਕੀ ਹੈ। ਬੁਲਾਰਿਆ ਨੇ ਸਿੱਖਿਆ ਵਿਭਾਗ ਵੱਲੋਂ 3704 ਅਤੇ 6635 ਪੋਸਟਾਂ ਨੂੰ ਰੀਕਾਸਟ
ਕਰਨ ਦੇ ਨਾਮ ਤੇ ਅਧਿਆਪਕਾਂ ਨੂੰ ਟਰਮੀਨੇਟ ਕਰਨ ਦੀ ਨੀਤੀ ਦੀ ਨਿੰਦਾ ਕਰਦਿਆਂ ਉਹਨਾਂ ਨਾਲ ਨਿਆ ਕਰਨ ਦੀ ਮੰਗ ਕੀਤੀ। ਸੁਰਿੰਦਰ ਸਿੰਘ ਮੋਗਾ ਸਾਬਕਾ ਜਿਲ੍ਹਾ ਪ੍ਰਧਾਨ ,ਜਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਸਿੰਘ ਝੋਰੜਾ ਅਤੇ ਜਿਲ੍ਹਾ ਜੁਆਇਟ ਸਕੱਤਰ ਅਮਨਦੀਪ ਸਿੰਘ ਮਾਛੀਕੇ, ਮੀਤ ਪ੍ਰਧਾਨ ਸਵਰਨਦਾਸ ਨੇ ਸਰਕਾਰ ਤੋਂ ਡੀ ਏ ਦਾ ਬਕਾਇਆ ਜਾਰੀ ਕਰਨ, ਕੇਂਦਰ ਦੀ ਤਰਜ ਤੇ ਡੀ ਏ 55% ਕਰਨ, ਪੇ ਕਮਿਸ਼ਨ ਦੇ ਬਕਾਏ ਨੂੰ ਕਿਸ਼ਤਾ ਵਿੱਚ ਜਾਰੀ ਕਰਨ ਦੀ ਬਜਾਏ ਇਕਮੁੱਸਤ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਆਦਰਸ਼ ਸਕੂਲ ਚਾਉਕੇ ਦੀ ਭਰਿਸ਼ਟ ਪ੍ਰਬੰਧਕੀ ਕਮੇਟੀ ਵੱਲੋਂ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਅਤੇ ਹੱਕ ਮੰਗਦੇ ਅਧਿਆਪਕਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਜ਼ਬਰੀ ਜੇਲੀਂ ਡੱਕਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਲਿਫਾਫੇਬਾਜ਼ੀ ਲੋਕਾਂ ਸਾਹਮਣੇ ਆ ਚੁੱਕੀ ਹੈ ਜੋ ਕਿ ਜ਼ਿਆਦਾ ਦੇਰ ਨਹੀਂ ਚੱਲੇਗੀ। ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਹਰਭਗਵਾਨ ਸਿੰਘ ਨੇ ਕੰਪਿਊਟਰ ਅਧਿਆਪਕਾਂ ਨਾਲ ਕੀਤੀ ਵਾਅਦਾ ਖਿਲਾਫੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਕੰਪਿਊਟਰ ਅਧਿਆਪਕ ਵਿਭਾਗ ਵਿੱਚੋਂ ਖਾਲੀ ਹੱਥ ਸੇਵਾ ਮੁਕਤ ਹੋ ਰਹੇ ਹਨ। ਵਲੰਟੀਅਰ ਕੈਟਾਗਰੀ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨ ਲਈ ਮਜਬੂਰ ਹਨ। ਬੁਲਾਰਿਆ ਈ.ਟੀ.ਟੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਅਤੇ ਮਾਸਟਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਸਮੇਂ ਸਟੇਸ਼ਨ ਚੋਣ ਦਾ ਹੱਕ ਖੋਹਣ ਨੂੰ ਜਮੂਹਰੀਅਤ ਦਾ ਘਾਣ ਦਸਦਿਆਂ ਇਹ ਹੱਕ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਆਦਰਸ਼ ਸਕੂਲ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਘਲੋਟੀ ਨੇ ਆਦਰਸ਼ ਸਕੂਲਾਂ ਦਾ ਪ੍ਰਬੰਧ ਮੈਨੇਜਮੇੰਟ ਕਮੇਟੀਆਂ ਤੋਂ ਲੈਕੇ ਸਰਕਾਰ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਇਹਨਾਂ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦੀ ਮੰਗ ਕੀਤੀ। ਇਸ ਸਮੇਂ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਹਾਜ਼ਰ ਸਨ।ਇਸ ਸਮੇਂ ਈ ਟੀ ਯੂ ਤੋਂ ਬਲਕਰਨ ਸਿੰਘ,ਰਿਆਜ ਮੁਹੰਮਦ, ਹਰਸ਼ਰਨ ਸਿੰਘ 3704 ਅਧਿਆਪਕ ਯੂਨੀਅਨ ਤੋਂ ਮਨਦੀਪ ਸਿੰਘ, ਕੱਚੇ ਅਧਿਆਪਕ ਯੂਨੀਅਨ ਤੋਂ ਮਨਪ੍ਰੀਤ ਸਿੰਘ,ਅਮਰਦੀਪ ਸਿੰਘ ਬੁੱਟਰ, ਸਵਰਨਜੀਤ ਭਗਤਾ,ਗੁਰਸ਼ਰਨ ਸਿੰਘ, ਦੀਪਕ ਮਿੱਤਲ, ਪ੍ਰੇਮ ਸਿੰਘ, ਜਸਵਿੰਦਰ ਸਿੰਘ,ਨਰਿੰਦਰ ਸਿੰਘ ਮਧੂ ਬਾਲਾ,ਮਮਤਾ ਕੌਸ਼ਲ,ਨਵਦੀਪ ਧੂੜਕੋਟ, ਅਮਨਦੀਪ ਮਟਵਾਣੀ, ਰਾਜਵੰਤ ਸਿੰਘ,ਇਕਬਾਲ ਸਿੰਘ ਆਦਿ ਅਧਿਆਪਕ ਹਾਜ਼ਰ ਸਨ।






