ਸਮਰਾਲਾ 12 ਜੁਲਾਈ (ਮੁਕੇਸ਼ ਵਰਮਾ)ਪੁਲਿਸ ਜ਼ਿਲ੍ਹਾ ਖੰਨਾ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ, ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣ ਦੇ ਉਦੇਸ਼ ਨਾਲ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਡਾ. ਦਰਪਣ ਆਹਲੂਵਾਲੀਆ (ਆਈ.ਪੀ.ਐੱਸ.) ਨੇ ਐਤਵਾਰ ਸਵੇਰੇ ਸਮਰਾਲਾ ਅਤੇ ਖੰਨਾ ਸਬ-ਡਿਵੀਜ਼ਨਾਂ ਦੇ ਪੁਲਿਸ ਥਾਣਿਆਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਖੰਨਾ ਸਬ-ਡਿਵੀਜ਼ਨ ਦੇ ਤਿੰਨ ਅਤੇ ਸਮਰਾਲਾ ਸਬ-ਡਿਵੀਜ਼ਨ ਦੇ ਦੋਵੇਂ ਪੁਲਿਸ ਥਾਣਿਆਂ ਦੇ ਨਾਲ-ਨਾਲ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ, ਖੰਨਾ ਦਾ ਵੀ ਜਾਇਜ਼ਾ ਲਿਆ।ਨਿਰੀਖਣ ਦੌਰਾਨ ਐੱਸਐੱਸਪੀ ਨੇ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ, ਰਿਕਾਰਡ ਦੀ ਸਾਂਭ-ਸੰਭਾਲ, ਸਫ਼ਾਈ ਪ੍ਰਬੰਧ, ਸੁਰੱਖਿਆ ਪ੍ਰਬੰਧਾਂ, ਐਮਰਜੈਂਸੀ ਰਿਸਪਾਂਸ ਸਿਸਟਮ, ਹਥਿਆਰਾਂ ਦੀ ਤਿਆਰੀ, ਸੁਰੱਖਿਆ ਉਪਕਰਨਾਂ ਦੀ ਸਥਿਤੀ ਅਤੇ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਤੋਂ ਇਲਾਵਾ ਥਾਣਿਆਂ ਵਿੱਚ ਉਪਲਬਧ ਹੋਰ ਜ਼ਰੂਰੀ ਸਾਧਨਾਂ ਦੀ ਵੀ ਸਮੀਖਿਆ ਕੀਤੀ ਗਈ। ਇਸ ਮੌਕੇ ਡਾ. ਦਰਪਣ ਆਹਲੂਵਾਲੀਆ ਨੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਰੋਜ਼ਾਨਾ ਕਾਰਜ ਪ੍ਰਣਾਲੀ ਵਿੱਚ ਸੁਧਾਰ ਲਿਆਉਣ, ਲੰਬਿਤ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਕਰਨ ਅਤੇ ਸ਼ਿਕਾਇਤਕਰਤਾਵਾਂ ਨਾਲ ਨਿਮਰਤਾ ਅਤੇ ਸਨਮਾਨ ਨਾਲ ਪੇਸ਼ ਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਨੁਸ਼ਾਸਨ, ਪੇਸ਼ੇਵਰ ਕਾਰਜਸ਼ੈਲੀ ਅਤੇ ਤੁਰੰਤ ਕਾਰਵਾਈ ਹੀ ਪੁਲਿਸ ਪ੍ਰਤੀ ਲੋਕਾਂ ਦਾ ਭਰੋਸਾ ਮਜ਼ਬੂਤ ਕਰਦੀ ਹੈ। ਹਰ ਸ਼ਿਕਾਇਤ ਦਾ ਨਿਰਪੱਖ, ਪਾਰਦਰਸ਼ੀ ਅਤੇ ਸਮੇਂ ਸਿਰ ਨਿਪਟਾਰਾ ਕਰਨਾ ਪੁਲਿਸ ਦੀ ਮੁੱਖ ਜ਼ਿੰਮੇਵਾਰੀ ਹੈ। ਐੱਸਐੱਸਪੀ ਨੇ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਦੀ ਹਦਾਇਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਅਚਨਚੇਤ ਨਿਰੀਖਣ ਲਗਾਤਾਰ ਜਾਰੀ ਰਹਿਣਗੇ ਤਾਂ ਜੋ ਪੁਲਿਸ ਦੀ ਕਾਰਜਕੁਸ਼ਲਤਾ, ਜਵਾਬਦੇਹੀ ਅਤੇ ਸੇਵਾਵਾਂ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕੇ।ਉਨ੍ਹਾਂ ਦੁਹਰਾਇਆ ਕਿ ਪੁਲਿਸ ਜ਼ਿਲ੍ਹਾ ਖੰਨਾ ਲੋਕਾਂ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਲੋਕ-ਕੇਂਦਰਿਤ ਪੁਲਿਸ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।




