ਮਾਛੀਵਾਡ਼ਾ ਸਾਹਿਬ, 4 ਜੁਲਾਈ (ਸੁੱਚਾ ਬੰਗੜ)ਕੈਨੇਡਾ ਵਿਖੇ ਰਹਿੰਦੇ ਬਜ਼ੁਰਗ ਗੁਰਦਿਆਲ ਸਿੰਘ ਨੇ ਮਾਛੀਵਾਡ਼ਾ ਨੇਡ਼੍ਹੇ ਉਸਦੀ ਜ਼ੱਦੀ ਜਮੀਨ ਨੂੰ ਪੁੱਤਰ ਵਲੋਂ ਧੋਖੇ ਨਾਲ ਵੇਚ ਕੇ ਜਿੱਥੇ ਕਰੋਡ਼ਾਂ ਰੁਪਏ ਹਡ਼ੱਪਣ ਦੇ ਦੋਸ਼ ਲਗਾਏ ਹਨ ਉੱਥੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਵੀ ਮੁਖਤਿਆਰਨਾਮਾ ਰੱਦ ਹੋਣ ਦੇ ਬਾਵਜ਼ੂਦ ਜਮੀਨ ਦੀ ਰਜਿਸਟਰੀ ਕਰਕੇ ਜੋ ਵੱਡੀ ਘਪਲੇਬਾਜ਼ੀ ਕੀਤੀ ਹੈ, ਉਸ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਗੁਰਦਿਆਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੰਡ ਮੁੰਡੀਆਂ ਦਾ ਰਹਿਣ ਵਾਲਾ ਹੈ ਪਰ ਉਸਦੀ ਮਾਛੀਵਾਡ਼ਾ ਨੇਡ਼੍ਹਲੇ ਪਿੰਡ ਰਾਜਗਡ਼੍ਹ ਵਿਖੇ ਕਰੀਬ 8 ਏਕਡ਼ ਜ਼ੱਦੀ ਜਮੀਨ ਹੈ। ਕੁਝ ਸਾਲ ਪਹਿਲਾਂ ਉਹ ਆਪਣੇ ਪੁੱਤਰ ਹਰਫ਼ੂਲ ਸਿੰਘ ਨਾਲ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਖੇ ਰਹਿ ਰਿਹਾ ਸੀ ਅਤੇ ਉਸਦੇ ਪੁੱਤਰ ਨੇ ਧੋਖੇ ਨਾਲ ਉਸ ਕੋਲੋਂ ਜਮੀਨ ਦਾ ਮੁਖਤਿਆਰਨਾਮਾ ਲੈ ਕੇ ਹੁਣ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਹੁਣ ਕੈਨੇਡਾ ਵਿਖੇ ਆਪਣੇ ਪੋਤਰੇ ਨਾਲ ਰਹਿ ਰਿਹਾ ਹੈ ਅਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਸਦਾ ਲਡ਼ਕਾ ਹਰਫ਼ੂਲ ਸਿੰਘ ਜਿਸ ਨੇ ਉਸ ਕੋਲੋਂ ਧੋਖੇ ਨਾਲ ਜਮੀਨ ਦਾ ਮੁਖਤਿਆਰਨਾਮਾ ਲਿਆ ਹੈ, ਉਸ ਨੂੰ ਵੇਚਣ ਲੱਗਾ ਹੈ ਜਿਸ ਸਬੰਧੀ ਉਸ ਨੇ ਮਾਛੀਵਾਡ਼ਾ ਸਬ ਤਹਿਸੀਲ ਵਿਖੇ ਈਮੇਲ ਰਾਹੀਂ ਜਿੱਥੇ ਇਸ ਮੁਖਤਿਆਰਨਾਮੇ ਦੀ ਵਰਤੋਂ ਨਾ ਕਰਨ ’ਤੇ ਸੂਚਿਤ ਕੀਤਾ ਅਤੇ ਨਾਲ ਹੀ ਮੁਖਤਿਆਰਨਾਮਾ ਰੱਦ ਕਰਨ ਦੇ ਦਸਤਾਵੇਜ਼ ਤਿਆਰ ਕਰ ਮਾਛੀਵਾਡ਼ਾ ਸਬ ਤਹਿਸੀਲ ਵਿਖੇ ਭੇਜ ਦਿੱਤੇ। ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਸਮੇਂ ਤਾਇਨਾਤ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਮਿਲੀਭੁਗਤ ਕਰ ਵੱਡੀ ਘਪਲੇਬਾਜ਼ੀ ਕਰਦਿਆਂ ਮੁਖਤਿਆਰਨਾਮਾ ਰੱਦ ਹੋਣ ਦੇ ਬਾਵਜ਼ੂਦ ਇਸ ਜਮੀਨ ਦੀ ਰਜਿਸਟਰੀ ਕਿਸੇ ਹੋਰ ਨਾਮ ਕਰਵਾ ਦਿੱਤੀ ਅਤੇ ਉਸਦੇ ਪੁੱਤਰ ਹਰਫ਼ੂਲ ਸਿੰਘ ਨੇ ਇਸ ਜਮੀਨ ਦੇ ਕਰੋਡ਼ਾਂ ਰੁਪਏ ਧੋਖਾਧਡ਼ੀ ਕਰ ਹਡ਼ੱਪ ਲਏ। ਪ੍ਰਵਾਸੀ ਪੰਜਾਬੀ ਗੁਰਦਿਆਲ ਸਿੰਘ ਨੇ ਆਪਣੇ ਨਾਲ ਹੋਈ ਧੋਖਾਧਡ਼ੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ, ਐੱਨ.ਆਰ.ਆਈ. ਵਿਭਾਗ ਦੇ ਕੈਬਨਿਟ ਮੰਤਰੀ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਮੰਗ ਕੀਤੀ ਕਿ ਇਹ ਰਜਿਸਟਰੀ ਤੁਰੰਤ ਰੱਦ ਕੀਤੀ ਜਾਵੇ ਅਤੇ ਨਾਲ ਹੀ ਜੋ ਇਸ ਘਪਲੇਬਾਜ਼ੀ ਵਿਚ ਮਾਲ ਵਿਭਾਗ ਦੇ ਅਧਿਕਾਰੀ ਸ਼ਾਮਲ ਹਨ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਐੱਸ.ਡੀ.ਐੱਮ. ਸਮਰਾਲਾ ਨੇ ਜਮੀਨ ਦੀ ਰਜਿਸਟਰੀ ਤੇ ਇੰਤਕਾਲ ’ਤੇ ਲਗਾਈ ਰੋਕ
ਪ੍ਰਵਾਸੀ ਪੰਜਾਬੀ ਗੁਰਦਿਆਲ ਸਿੰਘ ਨੇ ਆਪਣੇ ਨਾਲ ਹੋਈ ਧੋਖਾਧਡ਼ੀ ਦਾ ਮਾਮਲਾ ਜਦੋਂ ਐੱਸ.ਡੀ.ਐੱਮ. ਸਮਰਾਲਾ ਰਜਨੀਸ਼ ਅਰੋਡ਼ਾ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਮਾਲ ਵਿਭਾਗ ਨੂੰ ਹੁਕਮ ਜਾਰੀ ਕੀਤੇ ਕਿ ਇਹ 8 ਏਕਡ਼ ਜਮੀਨ ਦੀ ਅੱਗੋਂ ਨਾ ਵਿਕਰੀ ਹੋ ਸਕੇ ਅਤੇ ਨਾ ਹੀ ਇਸ ਦਾ ਇੰਤਕਾਲ ਮੰਨਜ਼ੂਰ ਕੀਤਾ ਜਾਵੇ। ਗੁਰਦਿਆਲ ਸਿੰਘ ਨੇ ਐੱਸ.ਡੀ.ਐੱਮ. ਸਮਰਾਲਾ ਰਜਨੀਸ਼ ਅਰੋਡ਼ਾ ਵਲੋਂ ਕੀਤੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਇਸ ਉੱਚ ਅਧਿਕਾਰੀ ਨੇ ਉਨ੍ਹਾਂ ਦੀ ਸੁਣਵਾਈ ਕੀਤੀ ਪਰ ਮਾਛੀਵਾਡ਼ਾ ਸਬ ਤਹਿਸੀਲ ਵਿਖੇ ਅਧਿਕਾਰੀਆਂ ਨੇ ਵਾਰ-ਵਾਰ ਈਮੇਲ ਕਰਨ ਦੇ ਬਾਵਜ਼ੂਦ ਤੇ ਮੁਖਤਿਆਰਨਾਮਾ ਰੱਦ ਕਰਨ ਦੀ ਸੂਚਨਾ ਦੇਣ ਦੇ ਬਾਵਜ਼ੂਦ ਵੀ ਰਜਿਸਟਰੀ ਕਰਕੇ ਵੱਡੀ ਘਪਲੇਬਾਜ਼ੀ ਤੇ ਮਿਲੀਭੁਗਤ ਸਾਹਮਣੇ ਆਈ ਹੈ ਜਿਸ ਦੀ ਜਾਂਚ ਬਹੁਤ ਜ਼ਰੂਰੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਇਸ ਸਬੰਧੀ ਐੱਸਡੀਐੱਮ ਰਜਨੀਸ਼ ਅਰੋਡ਼ਾ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਦਿਆਲ ਸਿੰਘ ਨਾਲ ਧੱਕਾ ਹੋਇਆ, ਉਸਦੀ ਜਮੀਨ ਦੀ ਰਜਿਸਟਰੀ ਗਲਤ ਕੀਤੀ ਗਈ। ਇਸ ਕਰਕੇ ਉਨ੍ਹਾਂ ਹੁਕਮ ਜਾਰੀ ਕੀਤੇ ਕਿ ਨਾ ਹੀ ਜਮੀਨ ਦਾ ਇੰਤਕਾਲ ਮੰਨਜ਼ੂਰ ਕੀਤਾ ਜਾਵੇ ਅਤੇ ਨਾ ਹੀ ਇਸ ਦੀ ਵਿਕਰੀ ਕੀਤੀ ਜਾਵੇ। ਉਨ੍ਹਾਂ ਕਿਹਾ ਬਾਕੀ ਮਾਣਯੋਗ ਅਦਾਲਤ ਵਿਚ ਦੋਵਾਂ ਧਿਰਾਂ ਵਲੋਂ ਜਮੀਨ ਸਬੰਧੀ ਕੇਸ ਦਾਇਰ ਕੀਤਾ ਹੈੈ ਜਿਸ ਸਬੰਧੀ ਜੋ ਵੀ ਫੈਸਲਾ ਹੋਵੇਗਾ ਉਹ ਮੰਨਜ਼ੂਰ ਹੋਵੇਗਾ।
ਹੈਰਾਨੀ ਦੀ ਗੱਲ, ਉਸ ਦਿਨ ਬੱਸ ਇੱਕ ਰਜਿਸਟਰੀ ਹੀ ਤਹਿਸੀਲ ’ਚ ਹੋਈ
ਗੁਰਦਿਆਲ ਸਿੰਘ ਵਲੋਂ ਮਾਛੀਵਾਡ਼ਾ ਸਬ-ਤਹਿਸੀਲ ਵਿਖੇ ਤਾਇਨਾਤ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਈ-ਮੇਲ ਰਾਹੀਂ ਸੂਚਿਤ ਕਰਨ ਅਤੇ ਮੁਖਤਿਆਰਨਾਮਾ ਰੱਦ ਕਰਨ ਦੇ ਬਾਵਜ਼ੂਦ ਵੀ ਦੂਸਰੇ ਦਿਨ ਇਸ ਜਮੀਨ ਦੀ ਰਜਿਸਟਰੀ ਕਰ ਦਿੱਤੀ ਗਈ। ਹੈਰਾਨੀ ਦੀ ਗੱਲ ਹੈ ਕਿ 13-3-2025 ਨੂੰ ਮਾਛੀਵਾਡ਼ਾ ਸਬ-ਤਹਿਸੀਲ ਵਿਚ ਕੇਵਲ ਇੱਕ ਹੀ ਰਜਿਸਟਰੀ ਹੋਈ ਕਿਉਂਕਿ ਉਸ ਦਿਨ ਅਧਿਕਾਰੀ ਸਪੈਸ਼ਲ ਇੱਕ ਰਜਿਸਟਰੀ ਕਰਨ ਲਈ ਹੀ ਤਹਿਸੀਲ ਵਿਖੇ ਆਇਆ ਜਦਕਿ ਨਿਰਧਾਰਿਤ ਕੀਤੇ ਦਿਨਾਂ ਵਿਚ ਮਾਛੀਵਾਡ਼ਾ ਸਬ ਤਹਿਸੀਲ ਵਿਚ ਕਈ ਰਜਿਸਟਰੀਆਂ ਹੁੰਦੀਆਂ ਹਨ। ਮਾਛੀਵਾਡ਼ਾ ਸਬ ਤਹਿਸੀਲ ਵਿਚ 13-3-2025 ਨੂੰ ਇੱਕ ਰਜਿਸਟਰੀ ਹੋਣਾ ਕਈ ਸ਼ੰਕੇ ਖਡ਼ੇ ਕਰਦਾ ਹੈ ਕਿ ਕਿਤੇ ਨਾ ਕਿਤੇ ਕੋਈ ਘਪਲੇਬਾਜ਼ੀ ਜਾਂ ਗੋਲਮੋਲ ਜ਼ਰੂਰ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਕਿਸੇ ਅਧਿਕਾਰੀ ਦਾ ਫੋਨ ਆਇਆ ਕਿ ਰਜਿਸਟਰੀ ਅੱਜ ਹੀ ਜ਼ਰੂਰੀ ਕੀਤੀ ਜਾਵੇ ਜਿਸ ਤੋਂ ਬਾਅਦ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਰਜਿਸਟਰੀ ਕੀਤੀ। ਹੁਣ ਇਹ ਫੋਨ ਕਰਨ ਵਾਲਾ ਅਧਿਕਾਰੀ ਕੌਣ ਹੈ, ਉਸਦਾ ਇਸ ਜਮੀਨ ਦੀ ਸਪੈਸ਼ਲ ਰਜਿਸਟਰੀ ਕਰਵਾਉਣ ਪਿੱਛੇ ਕੀ ਉਦੇਸ਼ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ।
ਜਦੋਂ ਇਸ 8 ਏਕਡ਼ ਜਮੀਨ ਦੀ ਰਜਿਸਟਰੀ ਸਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਰਜਿਸਟਰੀ ਕਰਨ ਵਾਲੇ ਨਾਇਬ ਤਹਿਸੀਲਦਾਰ ਦਾ ਤਬਾਦਲਾ ਹੋ ਚੁੱਕਾ ਸੀ ਪਰ ਰਜਿਸਟਰੀ ਕਲਰਕ ਰਾਜਵੀਰ ਸਿੰਘ ਨੇ ਦੱਸਿਆ ਕਿ ਇਹ 8 ਏਕਡ਼ ਜਮੀਨ ਵੇਚਣ ਤੇ ਖਰੀਦਣ ਵਾਲੇ ਨੇ ਗਲਤ ਤੱਥ ਪੇਸ਼ ਕਰਕੇ ਰਜਿਸਟਰੀ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਮਾਛੀਵਾਡ਼ਾ ਸਬ ਤਹਿਸੀਲ ਵਲੋਂ ਇਸ ਜਮੀਨ ਨੂੰ ਵੇਚਣ ਤੇ ਖਰੀਦਣ ਵਾਲਿਆਂ ਖਿਲਾਫ਼ ਪੁਲਸ ਜ਼ਿਲਾ ਖੰਨਾ ਦੇ ਐੱਸਐੱਸਪੀ ਨੂੰ ਦਰਖਾਸਤ ਦਿੱਤੀ ਹੈ ਕਿ ਉਕਤ ਵਿਅਕਤੀਆਂ ਨੇ ਗੁੰਮਰਾਹ ਕਰਕੇ ਰਜਿਸਟਰੀ ਕਰਵਾਈ ਹੈ ਜਿਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।






