ਕੋਟਕਪੂਰਾ, 3 ਜੁਲਾਈ (ਟਿੰਕੂ ਕੁਮਾਰ) :- ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿੱਚ ਬੰਦ ਇੱਕ ਕੈਦੀ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲੈਣ ਦੀ ਖਬਰ ਮਿਲੀ ਹੈ। ਮ੍ਰਿਤਕ ਕੈਦੀ ਦੀ ਪਹਿਚਾਣ ਫਾਜਿਲਕਾ ਜ਼ਿਲੇ ਦੇ ਪਿੰਡ ਬਾਮਣੀਵਾਲਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਵਜੋਂ ਹੋਈ ਅਤੇ ਉਸਦੀ ਜੇਬ ਵਿੱਚੋਂ ਮਿਲੇ ਖੁਦਕੁਸ਼ੀ ਨੋਟ ਦੇ ਆਧਾਰ ’ਤੇ ਜੇਲ ਪ੍ਰਸ਼ਾਸਨ ਨੇ ਥਾਣਾ ਸਿਟੀ ਪੁਲਿਸ ਨੂੰ ਸ਼ਿਕਾਇਤ ਭੇਜ ਕੇ ਕੈਦੀ ਦੀ ਪਤਨੀ ਪਰਮਜੀਤ ਕੌਰ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਇੱਕ ਮੁਕੱਦਮੇ ਵਿੱਚ ਹੋਈ ਸਜ਼ਾ ਕੱਟਣ ਲਈ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿੱਚ ਬੰਦ ਸੀ, ਕੁਝ ਸਮਾਂ ਪਹਿਲਾਂ ਉਹ ਪੈਰੋਲ ’ਤੇ ਜੇਲ ਤੋਂ ਬਾਹਰ ਆਇਆ ਸੀ ਪਰ ਪੈਰੋਲ ਦੇ ਦੌਰਾਨ ਉਸ ਨੂੰ ਪੁਲਿਸ ਨੇ ਇੱਕ ਐਨਡੀਪੀਐਸ ਐਕਟ ਤਹਿਤ ਮਾਮਲੇ ਵਿੱਚ ਮੁੜ ਗ੍ਰਿਫਤਾਰ ਕਰ ਲਿਆ ਅਤੇ ਲੰਘੀ 18 ਜੂਨ ਨੂੰ ਉਹ ਮੁੜ ਫਰੀਦਕੋਟ ਜੇਲ ਵਿੱਚ ਦਾਖਲ ਹੋਇਆ। ਇਸ ਮਾਮਲੇ ਵਿੱਚ ਜੇਲ ਪ੍ਰਸ਼ਾਸਨ ਨੇ ਦੱਸਿਆ ਕਿ ਕੈਦੀ ਹੋਣ ਦੇ ਚੱਲਦਿਆਂ ਉਸ ਦੀ ਡਿਊਟੀ ਲੰਗਰ ਹਾਲ ਵਿੱਚ ਲੱਗੀ ਹੋਈ ਸੀ ਅਤੇ ਉਹ ਲੰਗਰ ਬੈਰਕ ਵਿੱਚ ਬੰਦ ਸੀ। ਇਕ ਦਿਨ ਪਹਿਲਾਂ ਸ਼ਾਮ ਦੇ ਸਮੇਂ ਉਹ ਅਚਾਨਕ ਗਾਇਬ ਹੋ ਗਿਆ ਅਤੇ ਜਦ ਉਸ ਦੀ ਭਾਲ ਕੀਤੀ ਗਈ ਤਾਂ ਬੈਰਕ ਦੇ ਪਿੱਛੇ ਉਸ ਨੇ ਖਿੜਕੀ ਨਾਲ ਫਾਹਾ ਲਿਆ ਹੋਇਆ ਸੀ। ਉਸ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਵਿੱਚ ਜੇਲ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਸ ਦੀ ਜੇਬ ਦੀ ਤਲਾਸ਼ੀ ਲਏ ਜਾਣ ਤੋਂ ਬਾਅਦ ਜੇਲ ਕਰਮਚਾਰੀਆਂ ਨੂੰ ਇਕ ਪਰਚੀ ’ਤੇ ਲਿਖਿਆ ਖੁਦਕੁਸ਼ੀ ਨੋਟ ਬਰਾਮਦ ਹੋਇਆ ਸੀ, ਜਿਸ ਵਿੱਚ ਉਸ ਨੇ ਲਿਖਿਆ ਕਿ ਉਹ ਆਪਣੀ ਪਤਨੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹੈ। ਜਿਸ ਦੇ ਆਧਾਰ ’ਤੇ ਜੇਲ ਪ੍ਰਸ਼ਾਸਨ ਨੇ ਪੁਲਿਸ ਨੂੰ ਸ਼ਿਕਾਇਤ ਭੇਜ ਕੇ ਕੈਦੀ ਦੀ ਪਤਨੀ ਖਿਲਾਫ ਮੁਕਦਮਾ ਦਰਜ ਕਰਵਾਇਆ ਹੈ। ਹੁਣ ਇਸ ਮਾਮਲੇ ਦੀ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ।






