ਗਿੱਦੜਬਾਹਾ, 21 ਅਗਸਤ (ਲਖਵੀਰ ਸਿੰਘ ਧੂਲਕੋਟੀਆ) – ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਗਿੱਦੜਬਾਹਾ ਦੇ ਵੱਖ ਵੱਖ ਪਿੰਡਾਂ ਵਿਚ ਕੇਂਦਰ ਸਰਕਾਰ ਦੇ ਆਊਟਰੀਚ ਪ੍ਰੋਗਰਾਮ ‘ਭਾਜਪਾ ਦੇ ਸੇਵਾਦਾਰ ਆ ਗਏ ਨੇ ਤੁਹਾਡੇ ਦੁਆਰ’ ਤਹਿਤ ਕੈਂਪ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਹੀ ਅੱਜ ਹਲਕੇ ਦੇ ਪਿੰਡ ਸੁਖਣਾ ਅਬਲੂ ਵਿਖੇ ਭਾਜਪਾ ਵਲੋਂ ਲਗਾਏ ਗਏ ਕੈਂਪ ਵਿਚੋਂ ਗਿੱਦੜਬਾਹਾ ਪੁਲਿਸ ਵੱਲੋਂ ਪਾਰਟੀ ਦੇ ਆਗੂ ਪ੍ਰਿਤਪਾਲ ਸ਼ਰਮਾਂ ਨੂੰ ਡੀਟੇਨ ਕੀਤਾ ਗਿਆ। ਉੱਧਰ ਜਿਵੇਂ ਹੀ ਪ੍ਰਿਤਪਾਲ ਸ਼ਰਮਾਂ ਨੂੰ ਪੁਲਿਸ ਵੱਲੋਂ ਡੀਟੇਨ ਕਰਨ ਦੀ ਖਬਰ ਫੈਲੀ ਤਾਂ ਭਾਜਪਾ ਆਗੂ ਅਤੇ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਸਮਰਥਕਾ ਨਾਲ ਡੀ.ਐੱਸ.ਪੀ. ਦਫ਼ਤਰ ਪੁੱਜੇ ਅਤੇ ਡੀ.ਐੱਸ.ਪੀ. ਅਵਤਾਰ ਸਿੰਘ ਰਾਜਪਾਲ ਨੂੰ ਮਿਲੇ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਧੱਕੇਸ਼ਾਹੀ ਨਾਲ ਕੇਂਦਰ ਵੱਲੋਂ ਲੋੜਵੰਦ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਨੂੰ ਰੋਕਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੁਦ ਤਾਂ ਕੋਈ ਸਹੂਲਤ ਰਾਜ ਦੇ ਲੋਕਾਂ ਨੂੰ ਦੇ ਨਹੀਂ ਪਾ ਰਹੀ ਉਲਟਾ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਵਿਚ ਅੜੀਕੇ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਕਥਿਤ ਤੌਰ ਤੇ ਆਮ ਪਬਲਿਕ ਦਾ ‘ਡਾਟਾ ਬਰੀਚ’ ਹੋਣ ਦਾ ਬਹਾਨਾ ਬਣਾ ਕੇ ਭਾਜਪਾ ਨੂੰ ਕੈਂਪ ਲਗਾਉਣ ਤੋਂ ਰੋਕ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਜੇ ਤੱਕ ਇਹ ਫੈਸਲਾ ਨਹੀਂ ਕਰ ਸਕੀ ਕਿ ਭਾਜਪਾ ਆਗੂ ਪ੍ਰਿਤਪਾਲ ਸ਼ਰਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਡੀਟੇਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਾਜਪਾ ਆਗੂਆਂ ਤੇ ਮਾਮਲੇ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਪਾਵੇ ਪਰੰਤੂ ਇਸ ਤਰ੍ਹਾਂ ਭਾਜਪਾ ਆਗੂਆਂ ਨੂੰ ਕੈਂਪ ਲਗਾਉਣ ਤੋਂ ਰੋਕਣਾ ਉਹ ਕਿਸੇ ਵੀ ਸੂਰਤ ਵਿਚ ਬਰਦਾਸਤ ਨਹੀਂ ਕਰਨਗੇ ਅਤੇ ਇਹ ਕੈਂਪ ਇਸੇ ਤਰ੍ਹਾਂ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਰਾਜ ਅੰਦਰ ਇਸ ਤਰ੍ਹਾਂ ਦੇ 4400 ਕੈਂਪ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਟੀਚੇ ਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ। ਉੱਧਰ ਇਸ ਸੰਬੰਧੀ ਡੀ.ਐੱਸ.ਪੀ. ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਕੈਂਪ ਦੌਰਾਨ ਲੋਕਾਂ ਵੱਲੋਂ ਡਾਟਾ ਬਰੀਚ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆ ਸਨ ਜਿਸ ਕਾਰਨ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।





