ਸ੍ਰੀ ਮੁਕਤਸਰ ਸਾਹਿਬ, 05 ਸਤੰਬਰ ()- ਨਸ਼ਾ ਤਸਕਰੀ ਵਿਰੁੱਧ ਚੱਲ ਰਹੀ ’ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਐਸ.ਐਸ.ਪੀ. ਡਾ. ਅਖਿਲ ਚੌਧਰੀ, ਆਈ.ਪੀ.ਐਸ ਵੱਲੋਂ ਜ਼ਿਲ੍ਹੇ ਵਿੱਚ ਨਸ਼ਿਆਂ ਖਿਲਾਫ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਅਭਿਆਨ ਹੇਠ ਮਨਮੀਤ ਸਿੰਘ ਢਿੱਲੋਂ ਐਸ.ਪੀ (ਡੀ) ਅਤੇ ਇਕਬਾਲ ਸਿੰਘ ਡੀ.ਐਸ.ਪੀ (ਮਲੋਟ) ਦੀ ਨਿਗਰਾਨੀ ਹੇਠ ਥਾਣਾ ਸਿਟੀ ਮਲੋਟ ਪੁਲਿਸ ਵੱਲੋਂ 03 ਕਿਲੋ 500 ਗ੍ਰਾਮ ਅਫੀਮ ਸਮੇਤ 02 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਪੁਲਿਸ ਪਾਰਟੀ ਵੱਲੋਂ ਜੀ.ਟੀ. ਰੋਡ, ਪਿੰਡ ਰਥੜੀਆ ਨਜ਼ਦੀਕ ਚੈਕਿੰਗ ਦੌਰਾਨ ਇੱਕ ਕਾਲੀ ਸਕਾਰਪਿਓ (ਰਜਿ. ਨੰ. ”P-2728-6658) ਨੂੰ ਰੋਕ ਕੇ ਚੈਕ ਕੀਤਾ ਗਿਆ। ਇਸ ਵਿੱਚੋਂ ਦੋ ਵਿਅਕਤੀ ਗੁਰਬਖ਼ਸ਼ ਸਿੰਘ ਅਤੇ ਸਿਕੰਦਰ ਸਿੰਘ ਬੈਠੇ ਹੋਏ ਮਿਲੇ। ਨਿਯਮਾਂ ਅਨੁਸਾਰ ਤਲਾਸ਼ੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਉਹਨਾਂ ਦੇ ਕਬਜ਼ੇ ਤੋਂ 03 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ। ਜਿਸ ਤੇ ਪੁਲਿਸ ਵੱਲੋਂ ਮੁਕਦਮਾ ਨੰਬਰ 152 ਮਿਤੀ 04.09.2025 ਅ/ਧ 18ਬੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਮਲੋਟ ਵਿਖੇ ਦਰਜ ਕੀਤਾ ਗਿਆ। ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਗੁਰਬਖ਼ਸ਼ ਸਿੰਘ, ਪੁੱਤਰ ਰਾਮ ਸਿੰਘ, ਵਾਸੀ ਪਿੰਡ ਕੁਦਈਆ, ਥਾਣਾ ਮੰਦਨਾਪੁਰ, ਜ਼ਿਲ੍ਹਾ ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ਅਤੇ ਸਿਕੰਦਰ ਸਿੰਘ, ਪੁੱਤਰ ਸੁਖਮੰਦਰ ਸਿੰਘ, ਵਾਸੀ ਪਿੰਡ ਜੋੜਕੀ ਅੰਧੇਵਾਲੀ, ਥਾਣਾ ਅਰਨੀਵਾਲਾ, ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਦੋਸ਼ੀਆਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਅਧੀਨ ਸੰਬੰਧਤ ਥਾਣੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਤੋਂ ਹੋਰ ਪੁੱਛਗਿੱਛ ਕਰਕੇ ਅਗਲੇ ਅਤੇ ਪਿੱਛਲੇ ਨਸ਼ਾ ਤਸਕਰੀ ਲਿੰਕਾਂ ਦੀ ਪੜਤਾਲ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਮਿਲੇ ਹੋਰ ਸਬੂਤਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਡਰੱਗ ਸਪਲਾਈ ਚੇਨਾਂ ਨੂੰ ਖਤਮ ਕਰਨ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਚਨਬੱਧਤਾ ਜਤਾਈ ਗਈ ਹੈ। ਪੁਲਿਸ ਨੇ ਜਨਤਾ ਨੂੰ ਚੌਕਸ ਰਹਿਣ ਅਤੇ ਬਿਨਾਂ ਕਿਸੇ ਡਰ ਦੇ ਕਿਸੇ ਵੀ ਨਸ਼ਿਆਂ ਨਾਲ ਸੰਬੰਧਤ ਗਤੀਵਿਧੀ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ ਹੈ।






