ਸ੍ਰੀ ਮੁਕਤਸਰ ਸਾਹਿਬ, 29 ਅਗਸਤ ()- ਜ਼ਿਲ੍ਹਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਦੇ ਦ੍ਰਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰ ਰਹੀ ਪੁਲਿਸ ਟੀਮ ਨੇ ਜ਼ਿਲ੍ਹੇ ’ਚ ਖੇਤਾਂ ’ਚ ਲੱਗੇ ਟਰਾਂਸਫਾਰਮਾਂ ਦੀਆਂ ਚੋਰੀਆਂ ਨੂੰ ਅੰਜਾਮ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਜਿਸ ਸਬੰਧੀ ਜ਼ਿਲ੍ਹਾ ਪੁਲਿਸ ਕਪਤਾਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰ੍ਰੈਸ ਨੂੰ ਸਬੋਧਨ ਕਰਦਿਆ ਜ਼ਿਲ੍ਹਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਲਗਾਤਾਰ ਭਰੋਸੇ ਯੋਗ ਸੂਤਰਾਂ ਤੋਂ ਮਿਲੀਆਂ ਸੂਚਨਾਵਾਂ ਦੇ ਅਧਾਰ ’ਤੇ ਐਸ.ਪੀ. (ਡੀ) ਅਤੇ ਡੀ.ਐਸ.ਪੀ. ਲੰਬੀ ਦੀ ਦੇਖ-ਰੇਖ ਹੇਠ ਲੰਬੀ ਪੁਲਿਸ ਨੇ ਟਰਾਂਸਫਾਰਮਰ ਚੋਰੀ ਵਿੱਚ ਸ਼ਾਮਲ ਇੱਕ ਗਿਰੋਹ ਦਾ ਪਰਦਾਫਾਸ਼ ਕਰਨ ’ਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਫਰੀਦਕੋਟ ਅਤੇ ਮੋਗਾ ਜ਼ਿਲਿ੍ਹਆਂ ਤੋਂ ਇੱਕ ਗਿਰੋਹ, ਆਪਣੇ ਸਾਥੀਆਂ ਸਮੇਤ ਖੇਤਾਂ ’ਚ ਲੱਗੇ ਬਿਜਲੀ ਵਾਲੇ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਅਤੇ ਤੇਲ ਦੀ ਚੋਰੀ ਕਰਦਾ ਸੀ। ਜਿਨ੍ਹਾਂ ਦੇ ਖਿਲਾਫ਼ ਥਾਣਾ ਲੰਬੀ ਵਿਖੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਦੌਰਾਨੇ ਨਾਕਾਬੰਦੀ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਕਾਬੂ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਗਰੀਬ ਸਿੰਘ, ਅੰਗਰੇਜ਼ ਸਿੰਘ, ਗੁਰਦਿੱਤਾ ਸਿੰਘ ਅਤੇ ਕਰਮਜੀਤ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਨੂੰ ਗੱਡੀ ਸਮੇਤ ਕਾਬੂ ਕਰਕੇ ਘਟਨਾ ਸਥਾਨ ’ਤੇ ਹੀ 49.200 ਕਿਲੋ ਚੋਰੀ ਕੀਤਾ ਤਾਂਬਾ ਬਰਾਮਦ ਕੀਤਾ। ਉਪਰੰਤ 28 ਅਗਸਤ 2025 ਨੂੰ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ, ਜਿਸ ਤਹਿਤ ਦੋਸ਼ੀਆਂ ਨੇ ਮਹੱਤਵਪੂਰਨ ਖੁਲਾਸੇ ਕੀਤੇ, ਜਿਸ ਨਾਲ ਵਾਧੂ 55.800 ਕਿਲੋ ਚੋਰੀ ਕੀਤਾ ਤਾਂਬਾ ਹੋਰ ਬਰਾਮਦ ਕੀਤਾ ਗਿਆ। ਕਪਤਾਨ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਖਿਲਾਫ਼ ਪਹਿਲਾਂ ਵੀ ਵੱਖ ਵੱਖ ਜ਼ਿਲਿ੍ਹਆਂ ’ਚ ਅਪਰਾਧਿਕ ਮਾਮਲਿਆਂ ਦੇ ਮੁਕੱਦਮੇ ਦਰਜ਼ ਹਨ। ਇਸ ਮੌਕੇ ਜ਼ਿਲ੍ਹਾ ਪੁਲਿਸ ਕਪਤਾਨ ਨੇ ਖਾਸ ਕਰਕੇ ਕਿਸਾਨ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡਾਂ ਦੇ ਵਿੱਚ ਰਾਤ ਦੇ ਸਮੇਂ ਧਿਆਨ ਰੱਖਣ, ਪਿੰਡ ਦੇ ਆਉਣ ਜਾਣ ਵਾਲੇ ਰਸਤਿਆਂ ’ਤੇ ਸੀ.ਸੀ.ਟੀ.ਵੀ. ਲਗਵਾਉਣ ਤੇ ਸੰਭਵ ਹੋ ਸਕੇ ਤਾਂ ਪਿੰਡਾਂ ’ਚ ਠੀਕਰੀ ਪਹਿਰੇ ਲਗਾਉਣ ਤਾਂ ਜੋ ਰਾਤ ਸਮੇਂ ਆਉਣ ਜਾਣ ਵਾਲੇ ਵਿਅਕਤੀਆਂ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਇਹ ਸਫਲ ਕਾਰਵਾਈ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਲੋਕ ਸੰਪਤੀ ਦੀ ਸੁਰੱਖਿਆ ਅਤੇ ਚੋਰੀਆਂ ’ਤੇ ਰੋਕ ਲਗਾਉਣ ਦੀ ਅਟੱਲ ਵਚਨਬੱਧਤਾ ਨੂੰ ਦਰਸਾਉਂਦੀ ਹੈ। ਬਾਕੀ ਗਿਰੋਹ ਮੈਂਬਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਲਗਾਤਾਰ ਯਤਨ ਜਾਰੀ ਹਨ।
ਇਸੇ ਲੜੀ ਦੌਰਾਨ ਟਰਾਂਸਫਾਰਮਰਾਂ ‘ਚੋਂ ਤਾਂਬੇ ਦੀ ਚੋਰੀ ਕਰਨ ਵਾਲੇ ਇੱਕ ਹੋਰ ਗਿਰੋਹ ਨੂੰ ਬੇਨਕਾਬ ਕਰਦਿਆਂ 25 ਕਿਲੋ ਚੋਰੀਸ਼ੁਦਾ ਤਾਂਬਾ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਐਸ.ਪੀ. (ਡੀ) ਅਤੇ ਡੀ.ਐਸ.ਪੀ. ਗਿੱਡੜਬਾਹਾ ਦੀ ਸੀਧੀ ਦੇਖ-ਰੇਖ ਹੇਠ ਜ਼ਿਲ੍ਹੇ ਵਿੱਚ ਚੋਰੀ ਅਤੇ ਹੋਰ ਅਪਰਾਧਕ ਗਤੀਵਿਧੀਆਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਕੋਟਲੀ ਅਬਲੂ, ਮੈਲਾਂ, ਢੋਲਕੋਟ ਆਦਿ ਪਿੰਡਾਂ ਦੇ ਖੇਤਾਂ ਵਿੱਚ ਲਗੇ ਟਰਾਂਸਫਾਰਮਰਾਂ ‘ਚੋਂ ਤਾਂਬੇ ਦੀ ਚੋਰੀ ਦੀ ਸ਼ਿਕਾਇਤ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਈ ਓਪਰੇਸ਼ਨ ਚਲਾਏ ਅਤੇ 08 ਮੁਲਜ਼ਮਾਂ ਦਾ ਪਤਾ ਲਗਾਇਆ, ਜਿਨ੍ਹਾਂ ਵਿੱਚੋਂ 03 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਬਾਕੀ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਫਗਨ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਉਰਫ਼ ਲਵਲੀ ਵਾਸੀ ਲੁਧਿਆਣਾ ਵਜੋਂ ਹੋਈ ਹੈ। ਜਦੋਂ 5 ਹੋਰ ਨਾਮਜ਼ਦ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।






