ਬਾਰਿਸ਼ ਦੇ 24 ਘੰਟਿਆਂ ਬਾਅਦ ਵੀ ਕੋਟਕਪੂਰਾ ਦੇ ਜਿਆਦਾਤਰ ਇਲਾਕਿਆਂ ’ਚ ਭਰਿਆ ਪਾਣੀ

Spread the love
ਕੋਟਕਪੂਰਾ, 10 ਜੁਲਾਈ (ਟਿੰਕੂ ਕੁਮਾਰ) :- ਕੋਟਕਪੂਰਾ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਬੀਤੇ ਦਿਨੀਂ ਪਏ ਜੋਰਦਾਰ ਮੀਂਹ ਕਾਰਨ ਸਮੁੱਚੇ ਸ਼ਹਿਰ ਵਿੱਚ ਜਲਥਲ ਹੋ ਗਿਆ ਸੀ ਅਤੇ ਸ਼ਹਿਰ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਬਚਿਆ ਹੋਵੇ, ਜਿੱਥੇ ਪਾਣੀ ਨਾ ਭਰਿਆ ਹੋਵੇ। ਭਾਵੇਂ ਸਵਾ ਕੁ ਘੰਟੇ ਦੇ ਕਰੀਬ ਹੀ ਮੀਂਹ ਪਿਆ ਪਰ ਸ਼ਹਿਰ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਸੁਚੱਜਾ ਨਾ ਹੋਣ ਕਾਰਨ ਸ਼ਹਿਰ ਦੇ ਜਿਆਦਾਤਰ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਅੱਜ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਵਿੱਚੋਂ ਲੰਘਦੀ ਮੁੱਖ ਸੜਕ ਮੋਗਾ ਰੋਡ ’ਤੇ ਸਥਿੱਤ ਦੁਕਾਨਦਾਰਾਂ ਅਤੇ ਘਰਾਂ ਵਾਲਿਆਂ ਸਮੇਤ ਹੋਰ ਇਲਾਕਿਆਂ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬਾਰਿਸ਼ ਇੰਨੀਂ ਜੋਰਦਾਰ ਸੀ ਕਿ ਇਸਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਦਿੱਤਾ। ਦੁਪਹਿਰ 2 ਵਜੇ ਦੇ ਕਰੀਬ ਪਏ ਇਸ ਜੋਰਦਾਰ ਮੀਂਹ ਦੇ ਕਾਰਨ ਸਥਾਨਕ ਬੱਸ ਸਟੈਂਡ ਦੇ ਸਾਹਮਣੇ ਵਾਲੀਆਂ ਗਲੀਆਂ ਤੋਂ ਇਲਾਵਾ ਬੱਸ ਸਟੈਂਡ ਮਾਰਕਿਟ, ਦਸ਼ਮੇਸ਼ ਮਾਰਕੀਟ, ਗਿਆਨੀ ਜੈਲ ਸਿੰਘ ਮਾਰਕੀਟ, ਮੁਹੱਲਾ ਪ੍ਰੇਮ ਨਗਰ, ਸੱਟਾ ਬਜਾਰ, ਮਾਲ ਗੁਦਾਮ ਰੋਡ, ਜੈਤੋ ਰੋਡ, ਫੇਰੂਮਾਨ ਚੌਂਕ, ਬਠਿੰਡਾ ਰੋਡ, ਫਰੀਦਕੋਟ ਰੋਡ, ਦੁਆਰੇਆਣਾ ਰੋਡ ਅਤੇ ਇਲਾਕਾ ਸੁਰਗਾਪੁਰੀ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਇਸ ਵੇਲੇ ਸਥਿੱਤੀ ਇਹ ਬਣੀ ਹੋਈ ਹੈ ਕਿ ਬਾਰਿਸ਼ ਖਤਮ ਹੋਈ ਨੂੰ ਭਾਵੇਂ ਕਈ ਘੰਟੇ ਹੋ ਚੁੱਕੇ ਹਨ ਪਰ ਜਿਆਦਾਤਾਰ ਇਲਾਕਿਆਂ ਵਿੱਚ ਪਾਣੀ ਅਜੇ ਵੀ ਉਸੇ ਤਰ੍ਹਾਂ ਹੀ ਭਰਿਆ ਪਿਆ ਹੈ। ਮੋਗਾ ਰੋਡ ’ਤੇ ਭਰੇ ਪਾਣੀ ਕਾਰਨ ਜਿੱਥੇ ਆਵਾਜਾਈ ਵਿੱਚ ਸਮੱਸਿਆ ਆਈ ਅਤੇ ਦਿਨ ਵਿੱਚ ਕਈ ਵਾਰ ਜਾਮ ਦੀ ਸਥਿੱਤੀ ਬਣੀ, ਜਿਸ ਕਾਰਨ ਟਰੈਫਿਕ ਪੁਲਸ ਨੂੰ ਆਵਾਜਾਈ ਨੂੰ ਚਾਲੂ ਰੱਖਣ ਲਈ ਭਾਰੀ ਜਦੋ-ਜਹਿਦ ਕਰਨੀ ਪਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਦੁਪਹੀਆ ਵਾਹਨਾਂ ਤੋਂ ਇਲਾਵਾ ਕਈ ਚਾਰ ਪਹੀਆ ਵਾਹਨ ਵੀ ਇਸ ਪਾਣੀ ਕਾਰਨ ਬੰਦ ਹੋ ਗਏ ਅਤੇ ਦੂਰ-ਦੁਰਾਡੇ ਜਾਣ ਵਾਲੇ ਲੋਕਾਂ ਨੂੰ ਇਸ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕੋਟਕਪੂਰਾ ਦੀ ਦਸ਼ਮੇਸ਼ ਮਾਰਕੀਟ, ਗਿਆਨੀ ਜੈਲ ਸਿੰਘ ਮਾਰਕੀਟ, ਬੱਸ ਸਟੈਂਡ ਮਾਰਕੀਟ ਅਤੇ ਹੋਰ ਵੱਖ-ਵੱਖ ਬਜਾਰਾਂ ਤੋਂ ਇਲਾਵਾ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਖੜੇ ਪਾਣੀ ਕਾਰਨ ਲੋਕਾਂ ਦੇ ਕਾਰੋਬਾਰ ’ਤੇ ਵੀ ਬਹੁਤ ਬੁਰਾ ਅਸਰ ਪਿਆ ਅਤੇ ਜਿਆਦਾਤਰ ਕਾਰੋਬਾਰ ਠੱਪ ਹੋ ਕੇ ਰਹਿ ਗਏ। ਸ਼ਹਿਰ ਦੇ ਜਿਆਦਾਤਰ ਛੱਪੜਾਂ ਵਿੱਚ ਕੂੜਾ-ਕਰਕਟ ਤੇ ਹੋਰ ਗੰਦਗੀ ਆਦਿ ਸੁੱਟੇ ਹੋਣ ਕਾਰਨ ਇਹ ਛੱਪੜ ਭਰੇ ਪਏ ਹਨ, ਜਿਸ ਕਾਰਨ ਪਾਣੀ ਦੀ ਨਿਕਾਸੀ ਵਿੱਚ ਭਾਰੀ ਦਿੱਕਤ ਆਉਂਦੀ ਹੈ। ਕੂੜਾ-ਕਰਕਟ ਸੁੱਟਣ ਲਈ ਨਗਰ ਕੌਂਸਲ ਕੋਲ ਹੋਰ ਜਗਾ ਨਾ ਹੋਣ ਕਾਰਨ ਸ਼ਹਿਰ ਦਾ ਕਾਫੀ ਕੂੜਾ-ਕਰਕਟ ਮੁਹੱਲਾ ਠਾੜਾ ਅਗਵਾੜ ਦੇ ਸਾਹਮਣੇ ਵਾਲੇ ਛੱਪੜ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਛੱਪੜ ਦਾ ਜਿਆਦਾਤਰ ਹਿੱਸਾ ਕੂੜੇ-ਕਰਕਟ ਨਾਲ ਭਰ ਚੁੱਕਿਆ ਹੈ। ਛੱਪੜਾਂ ਵਿੱਚ ਕੂੜਾ ਕਰਕਟ ਸੁੱਟਿਆ ਹੋਣ ਕਾਰਨ ਨਿਕਾਸੀ ਦੀ ਜਿਆਦਾ ਸਮੱਸਿਆ ਆ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੈਣ ਵਾਲੀਆਂ ਹੋਰ ਬਾਰਿਸ਼ਾਂ ਦੇ ਪਾਣੀ ਦੀ ਨਿਕਾਸੀ ਵਿੱਚ ਭਾਰੀ ਮੁਸ਼ਕਿਲ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਅਤੇ ਲੋਕਾਂ ਨੂੰ ਪਿਛਲੇ ਸਾਲ ਵਾਲੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦੌਰਾਨ ਲੋਕਾਂ ਦੇ ਕਾਰੋਬਾਰ ਠੱਪ ਹੋਣ ਤੋਂ ਇਲਾਵਾ ਬਾਰਿਸ਼ਾਂ ਦਾ ਪਾਣੀ ਦੁਕਾਨਾਂ ਅਤੇ ਘਰਾਂ ਵਿੱਚ ਜਮਾਂ ਹੋਣ ਕਾਰਨ ਭਾਰੀ ਆਰਥਿਕ ਨੁਕਸਾਨ ਵੀ ਝੱਲਣਾ ਪਿਆ ਸੀ। ਸਮੂਹ ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਕੋਟਕਪੂਰਾ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਸੀਵਰੇਜ ਅਤੇ ਨਾਲਿਆਂ ਦੀ ਸਫਾਈ ਤੋਂ ਇਲਾਵਾ ਛੱਪੜਾਂ ਦੀ ਵੀ ਸਫਾਈ ਕਰਵਾਈ ਜਾਵੇ।
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    Leave a Reply

    Your email address will not be published. Required fields are marked *