ਜੈਤੋ ,28 ਮਾਰਚ (ਰਘੂਨੰਦਨ ਪਰਾਸ਼ਰ ):ਬੀ. ਕੇ.ਈ. ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ 19 ਮਾਰਚ ਨੂੰ ਚੰਡੀਗੜ੍ਹ ਵਿਚ ਕੇਂਦਰ ਸਰਕਾਰ ਦੇ ਨਾਲ ਸੱਤਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀ ਪਿੱਠ ਵਿੱਚ ਛੂਰਾ ਮਾਰਦੇ ਹੋਏ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਭੇਜ ਦਿੱਤਾ ਅਤੇ ਪੁਲਿਸ ਬਲ ਦੇ ਜ਼ੋਰ ਨਾਲ ਮੋਰਚਿਆਂ ਉੱਤੇ ਹਮਲਾ ਕਰਕੇ 41 ਦਿਨਾਂ ਤੋਂ ਸ਼ਾਂਤਮਈ ਖਨੌਰੀ ਅਤੇ ਸ਼ੰਭੂ ਬਾਰਡਰ ਉੱਪਰ ਚੱਲ ਰਹੇ ਮੋਰਚਿਆਂ ਉਪਰ ਭਨ ਤੋੜ ਕਰਦੇ ਹੋਏ ਮੋਰਚਿਆਂ ਨੂੰ ਖਾਲੀ ਕਰਵਾਇਆ। ਪੰਜਾਬ ਪੁਲਿਸ ਨੇ ਟਰੈਕਟਰ ਟਰਾਲੀਆਂ ਤੰਬੂਆਂ ਵਿੱਚ ਬਣੇ ਹੋਏ ਘਰਾਂ ਨੂੰ ਤਹਿਸ ਨਹਿਸ ਕਰਨ ਦੇ ਨਾਲ ਨਾਲ ਉਹਨਾਂ ਵਿੱਚ ਪਏ ਹੋਏ ਕੂਲਰ ਪੱਖੇ ਗੈਸ ਸਿਲੰਡਰ ਏਸੀ ਫਰਿਜ ਬਰਤਨ ਬਿਸਤਰੇ ਆਦਿ ਸਮਾਨ ਦੀ ਵੀ ਚੋਰੀ ਕਰਵਾਈ ਜੋ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਵੀ ਹੋ ਰਿਹਾ ਹੈ। ਜਪੁਜੀ ਸਾਹਿਬ ਦੇ ਚੱਲ ਰਹੇ ਅਖੰਡ ਜਾਪ ਨੂੰ ਵਿਚਾਲੇ ਰੁਕਵਾ ਕੇ ਅਤੇ ਚੱਲ ਰਹੀ ਅਖੰਡ ਜੋਤ ਨੂੰ ਬੰਦ ਕਰਵਾ ਕੇ ਬਾਣੀ ਦੀ ਬੇਅਦਬੀ ਕਰਨ ਦਾ ਪੰਜਾਬ ਸਰਕਾਰ ਨੇ ਘੋਰ ਅਪਰਾਧ ਕੀਤਾ ਹੈ। ਮੋਰਚੇ ਨੂੰ ਤਹਿਸ ਨਹਿਸ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਦੇ ਹੋਏ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ। 19 ਮਾਰਚ ਤੂੰ ਹੀ ਜਗਜੀਤ ਸਿੰਘ ਡਲੇਵਾਲ ਜੀ ਨੇ ਜੋ ਵੀ ਚਾਰ ਮਹੀਨਿਆਂ ਤੋਂ ਮਰਨ ਵਰਤ ਉਪਰ ਸਨ ਉਹਨਾਂ ਨੇ ਕਿਸਾਨਾਂ ਦੀ ਗਿਰਫਤਾਰੀ ਦੇ ਵਿਰੋਧ ਵਿੱਚ ਪਾਣੀ ਪੀਣਾ ਛੱਡ ਦਿੱਤਾ ਸੀ ਅਤੇ ਜਦ ਅਸੀਂ ਉਹਨਾਂ ਨੂੰ ਮਿਲੇ ਤਾਂ ਉਹਨਾਂ ਦੀ ਹਾਲਤ ਚਿੰਤਾਜਨਕ ਸੀ, ਪਾਣੀ ਨਾਂ ਪੀਣ ਦੀ ਵਜ੍ਹਾ ਨਾਲ ਉਹਨਾਂ ਦਾ ਗਲਾ ਸੁੱਕ ਰਿਹਾ ਸੀ ਅਤੇ ਉਹਨਾਂ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਸੀ ਜਿਸ ਨੂੰ ਦੇਖਦੇ ਹੋਏ ਮਾਨ ਸਰਕਾਰ ਝੁਕੀ ਅਤੇ ਸਾਰੇ ਕਿਸਾਨ ਆਗੂਆਂ ਅਤੇ ਕਿਸਾਨਾਂ ਨੂੰ ਅੱਜ ਸਵੇਰੇ 3 ਵਜੇ ਪੰਜਾਬ ਦੀਆਂ ਸਾਰੀਆਂ ਜੇਲਾਂ ਤੋਂ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਏ ਕਿਸਾਨ ਅੱਜ ਸਵੇਰੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਕੋਲ ਪਾਰਕ ਹਸਪਤਾਲ ਪਟਿਆਲਾ ਵਿਖੇ ਮਿਲਣ ਪਹੁੰਚੇ ਤੇ ਉਹਨਾਂ ਨੂੰ ਪਾਣੀ ਪਿਲਾਇਆ, ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ 26 ਨਵੰਬਰ 2024 ਤੋਂ ਸ਼ੁਰੂ ਸ਼ੁਰੂ ਹੋਇਆ ਮਰਨ ਵਰਤ ਉਸੇ ਤਰ੍ਹਾਂ ਜਾਰੀ ਹੈ। ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਆਦਿ ਸਮਾਨ ਜੋ ਵੀ ਪੁਲਿਸ ਵੱਲੋਂ ਤੋੜਿਆ ਗਿਆ ਜਾਂ ਚੋਰੀ ਕਰਵਾਇਆ ਗਿਆ ਕਿਸਾਨਾਂ ਦੇ ਸਾਰੇ ਸਮਾਨ ਦੀ ਮਾਨ ਸਰਕਾਰ ਤੋਂ ਭਰਪਾਈ ਕਰਵਾਈ ਜਾਵੇਗੀ। 13 ਫਰਵਰੀ 2024 ਤੋਂ ਖਨੌਰੀ ਬਾਰਡਰ ਉੱਪਰ ਸਿਰਸਾ ਜਿਲੇ ਦੇ ਕਿਸਾਨ ਆਪਣੀ ਆਪਣੀ ਟਰੈਕਟਰ ਟਰਾਲੀ ਅਤੇ ਤੰਬੂ ਲਗਾ ਕੇ ਲਗਾਤਾਰ ਮੋਰਚੇ ਉੱਪਰ ਡਟੇ ਹੋਏ ਸਨ 19 ਮਾਰਚ ਨੂੰ ਭਗਵੰਤ ਮਾਨ ਸਰਕਾਰ ਦੀ ਪੁਲਿਸ ਵੱਲੋਂ ਕਿਸਾਨਾਂ ਦੇ ਸਮਾਨ ਦੀ ਭੰਨ ਤੋੜ ਅਤੇ ਲੁੱਟ ਕਸੁੱਟ ਕਰਨ ਦੀਆਂ ਲਿਸਟਾਂ ਬਣਾ ਕੇ ਉਹਨਾਂ ਨੂੰ ਪਿੰਡ ਵਾਸੀਆਂ ਵੱਲੋਂ ਦੇ ਦਿੱਤੀਆਂ ਗਈਆਂ ਹਨ ਜਿਸ ਦੀ ਭਰਪਾਈ ਭਗਵੰਤ ਮਾਨ ਸਰਕਾਰ ਤੋ ਕਰਵਾਈ ਜਾਵੇਗੀ। ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਜਲਦ ਹੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੀ ਦੇਸ਼ ਭਰ ਦੀਆ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਉਸ ਤੋ ਬਾਅਦ ਦੋਨਾਂ ਫੋਰਮਾਂ ਦੀ ਮੀਟਿੰਗ ਕਰਕੇ ਅਗਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ ਇਸ ਮੌਕੇ ਬੀਕੇਈ ਦੇ ਸੂਬਾ ਆਗੂ ਅੰਗਰੇਜ਼ ਸਿੰਘ ਕੋਟਲੀ ਵਰਿੰਦਰ ਸਿੰਘ ਰਜਿੰਦਰ ਸਿੰਘ ਧੱਜੂ ਕਰਨ ਅਰੋੜਾ ਮੌਜੂਦ ਰਹੇ।







