ਸ੍ਰੀ ਮੁਕਤਸਰ ਸਾਹਿਬ, 04 ਸਤੰਬਰ ()- ਜ਼ਿਲ੍ਹਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਦੀ ਅਗਵਾਈ ’ਚ ਜ਼ਿਲ੍ਹਾ ਪੁਲਿਸ ਵੱਲੋਂ ਨਾ ਸਿਰਫ਼ ਜ਼ਿਲ੍ਹੇ ਭਰ ਵਿੱਚ ਨਸ਼ਾ ਤਸਕਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਸਗੋਂ ਜੇਲ੍ਹ ਅੰਦਰੋਂ ਹੋਣ ਵਾਲੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਵੀ ਪੂਰੀ ਤਰ੍ਹਾਂ ਰੋਕਣ ਲਈ ਵਿਸ਼ੇਸ਼ ਸਰਚ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਸਿਲਸਿਲੇ ਵਿੱਚ ਅੱਜ ਸਵੇਰੇ ਜ਼ਿਲ੍ਹਾ ਜੇਲ੍ਹ (ਸੁਧਾਰ ਘਰ) ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਵਿਸ਼ੇਸ਼ ਸਰਚ ਆਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਜੇਲ੍ਹ ਦੇ ਹਰ ਹਿੱਸੇ ਦੀ ਤਲਾਸ਼ੀ ਕੀਤੀ ਗਈ। ਸਰਚ ਅਭਿਆਨ ਦੀ ਅਗਵਾਈ ਜ਼ਿਲ੍ਹਾ ਸੁਧਾਰ ਘਰ ਸ੍ਰੀ ਮੁਕਤਸਰ ਸਾਹਿਬ ਵਿੱਚ ਸ੍ਰੀ ਰਸ਼ਪਾਲ ਸਿੰਘ ਡੀ.ਐਸ.ਪੀ. (ਐਨ.ਡੀ.ਪੀ.ਐਸ.), ਇੰਸਪੈਕਟਰ ਵਰੁਣ ਯਾਦਵ, ਮੁੱਖ ਅਫ਼ਸਰ ਥਾਣਾ ਸਦਰ ਸ.ਮ.ਸ., ਐਸ.ਆਈ. ਗੁਰਦੀਪ ਸਿੰਘ, ਮੁੱਖ ਅਫ਼ਸਰ ਬਰੀਵਾਲਾ ਵੱਲੋਂ ਕੀਤੀ ਗਈ। ਇਸ ਸਰਚ ਵਿੱਚ ਜੇਲ੍ਹ ਸਟਾਫ ਅਤੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੋਂ ਤਕਰੀਬਨ 150 ਪੁਲਿਸ ਕਰਮਚਾਰੀ ਸ਼ਾਮਲ ਹੋਏ। ਇਸ ਦੌਰਾਨ ਸੁਪਰਡੈਂਟ ਜੇਲ ਸ੍ਰੀ ਨਵਦੀਪ ਸਿੰਘ ਬੈਣੀਵਾਲ, ਐਸ.ਆਈ. ਗੁਰਦਿੱਤ ਸਿੰਘ, ਐਸ.ਆਈ. ਵਰਿੰਦਰ ਸਿੰਘ ਅਤੇ ਹੋਰ ਸਿਨੀਅਰ ਜੇਲ੍ਹ ਅਧਿਕਾਰੀ ਵੀ ਹਾਜ਼ਰ ਸਨ। ਡਾ. ਅਖਿਲ ਚੌਧਰੀ ਆਈ.ਪੀ.ਐਸ. ਨੇ ਦੱਸਿਆ ਕਿ ਇਹ ਸਰਚ ਆਪਰੇਸ਼ਨ ਪਹਿਲਾਂ ਤੋਂ ਹੀ ਤਿਆਰ ਕੀਤੀ ਗਈ ਪੂਰੀ ਯੋਜਨਾ ਅਧੀਨ ਕੀਤਾ ਗਿਆ ਸੀ, ਤਾਂ ਜੋ ਜੇਲ੍ਹ ਅੰਦਰ ਕੋਈ ਵੀ ਨਸ਼ਾ ਤਸਕਰੀ, ਗੈਂਗਸਟਰ ਗਤੀਵਿਧੀ ਜਾਂ ਗੈਰਕਾਨੂੰਨੀ ਸਮਾਨ (ਜਿਵੇਂ ਕਿ ਮੋਬਾਈਲ ਫੋਨ, ਨਸ਼ੀਲੇ ਪਦਾਰਥ, ਤਿੱਖੇ ਹਥਿਆਰ, ਮਨਾਹੀ-ਸ਼ੁਦਾ ਸਮੱਗਰੀ ਆਦਿ) ਦੀ ਵਰਤੋਂ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਨੈਟਵਰਕ ਨੂੰ ਤੋੜਨ ਲਈ ਜੇਲ੍ਹਾਂ ਦੇ ਅੰਦਰੂਨੀ ਹਾਲਾਤਾਂ ’ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇਲ੍ਹਾਂ ਨੂੰ ਅਕਸਰ ਨਸ਼ਾ ਤਸਕਰੀ ਅਤੇ ਗੈਂਗਸਟਰ ਗਤੀਵਿਧੀਆਂ ਦਾ ਲੁਕਵੇਂ ਕੇਂਦਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਜੇਲ੍ਹ ਦੀਆਂ ਸਾਰੀਆਂ ਬੈਰਕਾਂ ਅਤੇ ਅੰਦਰੂਨੀ ਹਿੱਸਿਆਂ ਦੀ ਤਲਾਸ਼ੀ ਕੀਤੀ ਗਈ, ਕੈਦੀਆਂ ਅਤੇ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਨਾਲ-ਨਾਲ ਉਹਨਾਂ ਦੇ ਸਮਾਨ ਦੀ ਵੀ ਜਾਂਚ ਕੀਤੀ ਗਈ, ਜੇਲ੍ਹ ਦੇ ਆਉਣ-ਜਾਣ ਵਾਲੇ ਸਾਰੇ ਰਸਤੇ, ਕੰਧਾਂ ਦੇ ਕੋਨੇ, ਆਵਾਜਾਈ ਦੇ ਰਸਤੇ ਅਤੇ ਖੁੱਲ੍ਹੇ ਮੈਦਾਨਾਂ ਦੀ ਜਾਂਚ ਕੀਤੀ ਗਈ, ਕੁਝ ਸ਼ੱਕੀ ਥਾਵਾਂ ਤੋਂ ਕੈਦੀਆਂ ਅਤੇ ਸਟਾਫ ਨਾਲ ਪੁੱਛਗਿੱਛ ਕੀਤੀ ਗਈ ਅਤੇ ਚੈਕਿੰਗ ਦੌਰਾਨ ਮੈਟਲ ਡਿਟੈਕਟਰ ਅਤੇ ਹੋਰ ਤਕਨੀਕੀ ਸਾਧਨਾਂ ਦੀ ਵਰਤੋਂ ਕਰਕੇ ਤਲਾਸ਼ੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਗਿਆ। ਐਸ.ਐਸ.ਪੀ. ਨੇ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ’ਤੇ ਨਿਗਰਾਨੀ ਰੱਖਣ ਲਈ ਅਜਿਹੇ ਸਰਚ ਆਪਰੇਸ਼ਨ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਅੰਦਰੋਂ ਗੈਰਕਾਨੂੰਨੀ ਕੰਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਪੂਰੀ ਤਰ੍ਹਾਂ ਨਾਕਾਮ ਬਣਾਇਆ ਜਾਵੇਗਾ। ਇਸ ਲਈ ਨਿਰੰਤਰ ਅਚਾਨਕ ਚੈਕਿੰਗਾਂ ਜਾਰੀ ਰਹਿਣਗੀਆਂ। ਅੰਤ ਵਿੱਚ ਉਨ੍ਹਾਂ ਸਪਸ਼ਟ ਕੀਤਾ ਕਿ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਸ੍ਰੀ ਮੁਕਤਸਰ ਸਾਹਿਬ ਪੁਲਿਸ ਜ਼ਿਲ੍ਹੇ ਨੂੰ ਨਸ਼ਾਮੁਕਤ ਅਤੇ ਸ਼ਾਂਤੀਪੂਰਨ ਬਣਾਉਣ ਲਈ ਲੋਕਾਂ ਦੇ ਸਹਿਯੋਗ ਨਾਲ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ।





