ਬਰਨਾਲਾ, 7 ਜੁਲਾਈ ਬਲਵਿੰਦਰ ਆਜ਼ਾਦ/ਸੁਖਰਾਜ ਚਹਿਲ):- ਸਿਹਤ ਵਿਭਾਗ ਬਰਨਾਲਾ ਦੀ ਫੂਡ ਸੇਫ਼ਟੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਟੀ. ਬੈਨਿਥ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਬਲਜੀਤ ਸਿੰਘ ਸਿਵਲ ਸਰਜਨ ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਗੁਣਵੱਤਾ ਚੈੱਕ ਕਰਨ ਲਈ ਚੈਕਿੰਗ ਕੀਤੀ ਜਾ ਰਹੀ ਹੈ।
ਇਸੇ ਲੜੀ ਤਹਿਤ ਸਿਹਤ ਵਿਭਾਗ ਬਰਨਾਲਾ ਦੀ ਫੂਡ ਸੇਫ਼ਟੀ ਟੀਮ ਵੱਲੋ ਡਾ. ਜਸਪ੍ਰੀਤ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਸੈਂਪਲਿੰਗ ਕੀਤੀ ਗਈ। ਇਸ ਸਬੰਧੀ ਮੈਡਮ ਸੀਮਾ ਰਾਣੀ ਫੂਡ ਸੇਫ਼ਟੀ ਅਫ਼ਸਰ ਨੇ ਦੱਸਿਆ ਕਿ ਟੀਮ ਵਲੋਂ ਸ਼ਹਿਰ ਦੇ ਵੱਖ ਵੱਖ ਫੂਡ ਸਪਲੀਮੈਂਟ ਸਟੋਰਾਂ ਤੋਂ 3 ਫੂਡ ਸਪਲੀਮੈਂਟ ਦੇ ਸੈਂਪਲ ਲਏ ਗਏ।
ਮੈਡਮ ਸੀਮਾ ਨੇ ਦੱਸਿਆ ਕਿ ਇਹ ਸੈਂਪਲਿੰਗ ਮਾਰਕਿਟ ਵਿੱਚ ਘਟੀਆ ਮਿਆਰ ਅਤੇ ਨਕਲੀ ਵਿਕਣ ਵਾਲੇ ਫੂਡ ਸਪਲੀਮੈਂਟਾਂ ਦੀ ਜਾਂਚ ਕਰਨ ਲਈ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਤੱਕ ਉੱਚ ਮਿਆਰ ਦੇ ਸਪਲੀਮੈਂਟ ਮੁਹੱਈਆ ਹੋ ਸਕਣ ਅਤੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਸਪਲੀਮੈਂਟ ਸਟੋਰਾਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 3 ਹੋਰ ਸੈਂਪਲ ਜਿਸ ਵਿੱਚ 1 ਘਿਓ ਅਤੇ 2 ਪਨੀਰ ਦੇ ਲਏ ਗਏ ਹਨ। ਸਾਰੇ ਸੈਂਪਲ ਸੀਲ ਕਰਨ ਉਪਰੰਤ ਫੂਡ ਐਨਾਲਿਸਟ ਪੰਜਾਬ ਖਰੜ ਲੈਬ ਵਿਖੇ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਦੀਆਂ ਨਤੀਜਾ ਰਿਪੋਰਟਾਂ ਆਉਣ ਉਪਰੰਤ ਫੂਡ ਸੇਫ਼ਟੀ ਐਕਟ ਅਧੀਨ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।






