ਜਗਰਾਓਂ, 18 ਜੁਲਾਈ: ( ਜਸਵਿੰਦਰ ਸਿੰਘ ਡਾਂਗੀਆ ) ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ, ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਗਰਾਓਂ ਸ. ਐੱਸ. ਆਰ. ਕਲੇਰ ਨੇ ਅੱਜ ਸਰਕਲ ਸਬਅਰਬਨ ਜਗਰਾਓਂ ਅਧੀਨ ਪੈਂਦੇ ਪਿੰਡ ਅਗਵਾੜ ਲੋਪੋਂ ਕਲਾ, ਅਗਵਾੜ ਲੋਪੋਂ ਖੁਰਦ, ਕੋਠੇ ਸ਼ੇਰਜੰਗ, ਸਵੱਦੀ ਖੁਰਦ, ਕੋਠੇ ਪ੍ਰੇਮਸਰ ਅਤੇ ਕੋਠੇ ਅੱਠ ਚੱਕ ਵਿੱਚ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਪਾਰਟੀ ਨੂੰ ਬੂਥ ਪੱਧਰ ‘ਤੇ ਹੋਰ ਮਜ਼ਬੂਤ ਬਣਾਉਣ ਲਈ ਵੱਖ-ਵੱਖ ਵਿੰਗਾਂ ਦੀਆਂ ਟੀਮਾਂ ਦਾ ਗਠਨ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਲੇਰ ਨੇ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਅਸਲ ਤਾਕਤ ਉਸ ਦਾ ਬੂਥ ਪੱਧਰ ਦਾ ਮਜ਼ਬੂਤ ਸੰਗਠਨ ਹੁੰਦਾ ਹੈ। ਉਨ੍ਹਾਂ ਵਰਕਰਾਂ ਨੂੰ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਲੋਕਾਂ ਤੱਕ ਪਹੁੰਚਾਉਣ, ਜਨਤਾ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਮਰਪਿਤ ਅਤੇ ਸਰਗਰਮ ਵਰਕਰ ਹੀ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦੇ ਹਨ। ਇਸ ਮੌਕੇ ਸ. ਕਲੇਰ ਨੇ ਪੰਜਾਬ ਸਰਕਾਰ ‘ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਉਨ੍ਹਾਂ ਦੋਸ਼ ਲਗਾਇਆ ਕਿ ਬਿਜਲੀ ਸਪਲਾਈ ਨੂੰ ਲੈ ਕੇ ਕੀਤੇ ਗਏ ਵੱਡੇ ਦਾਅਵੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਏ ਹਨ, ਜਦਕਿ ਲਗਾਤਾਰ ਬਿਜਲੀ ਕੱਟਾਂ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਜਗਰਾਓਂ ਦੇ ਝਾਂਸੀ ਰਾਣੀ ਚੌਕ ਵਿੱਚ ਬਿਜਲੀ ਕੱਟਾਂ ਤੋਂ ਅੱਕੇ ਸ਼ਹਿਰ ਵਾਸੀਆਂ ਨੇ ਧਰਨਾ ਦੇ ਕੇ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਰੋਸ ਪ੍ਰਗਟ ਕੀਤਾ, ਜੋ ਲੋਕਾਂ ਵਿੱਚ ਵੱਧ ਰਹੀ ਨਾਰਾਜ਼ਗੀ ਦਾ ਪ੍ਰਤੀਕ ਹੈ। ਐਸ ਆਰ ਕਲੇਰ ਨੇ ਕਿਹਾ ਕਿ ਜਗਰਾਓਂ ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰ, ਸਫ਼ਾਈ ਸੇਵਕਾਂ ਦੇ ਧਰਨੇ, ਆਂਗਣਵਾੜੀ ਵਰਕਰਾਂ ਦੇ ਰੋਸ ਪ੍ਰਦਰਸ਼ਨ, ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਸੰਘਰਸ਼ ਅਤੇ ਹੋਰ ਵਰਗਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਧਰਨੇ-ਮੁਜ਼ਾਹਰੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਮੁਲਾਜ਼ਮ ਵੀ ਆਪਣੇ ਹੱਕਾਂ ਲਈ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣ ਤਾਂ ਇਹ ਸਰਕਾਰ ਦੀ ਨਾਕਾਮੀ ਦਾ ਸਪੱਸ਼ਟ ਸੰਕੇਤ ਹੈ। ਉਨ੍ਹਾਂ ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਇਕਜੁੱਟ ਹੋ ਕੇ ਸੰਗਠਨ ਨੂੰ ਪਿੰਡ ਅਤੇ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਲਈ ਸੰਘਰਸ਼ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਸਰਪੰਚ, ਸਾਬਕਾ ਸਰਪੰਚ ਜ਼ੋਰਾਂ ਸਿੰਘ, ਕਿਸਾਨ ਵਿੰਗ ਪ੍ਰਧਾਨ ਮਿੰਟੂ ਸਵੱਦੀ, ਸਾਬਕਾ ਸਰਪੰਚ ਕਰਮਜੀਤ ਸਿੰਘ, ਰਜਿੰਦਰ ਸਿੰਘ, ਜਸਵਿੰਦਰ ਸਿੰਘ, ਧਰਮ ਸਿੰਘ ਫੌਜੀ, ਜਗਰੂਪ ਸਿੰਘ, ਜਗਤਾਰ ਸਿੰਘ, ਗੁਰਸ਼ਰਨ ਸਿੰਘ, ਪੰਚ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਨੋਨੀ, ਹਰਬੰਸ ਕੌਰ, ਰਣਜੀਤ ਕੌਰ, ਸੁਖਚੈਨ ਸਿੰਘ, ਸ਼ੌਕਤ ਅਲੀ, ਹਾਕਮ ਸਿੰਘ, ਗੁਰਮੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।