ਜਗਰਾਓਂ 6 ਜੁਲਾਈ ( ਜਸਵਿੰਦਰ ਸਿੰਘ ਡਾਂਗੀਆ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜਿਲਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ 7 ਜੁਲਾਈ ਨੂੰ ਉਨਾਂ ਦੀ ਜਥੇਬੰਦੀ ਲੈੰਡ ਪੁਲਿੰਗ ਪਾਲਸੀ ਖਿਲਾਫ ਐਸ ਡੀ ਐਮ ਦਫਤਰ ਜਗਰਾਓ ਅੱਗੇ ਚਾਰ ਪਿੰਡਾਂ ਦੇ ਕਿਸਾਨਾਂ ਮਜਦੂਰਾਂ ਵਲੋ ਦਿੱਤੇ ਜਾ ਰਹੇ ਧਰਨੇ ਚ ਵੱਡੀ ਗਿਣਾੀ ਚ ਸ਼ਾਮਲ ਹੋਣਗੇ। ਉਨਾਂ ਕਿਹਾ ਕਿ ਪੂਰੇ ਪੰਜਾਬ ਦੇ 17 ਜਿਲਿਆਂ ਚ ਕਿਸਾਨਾਂ ਦੀਆਂ ਜਮੀਨਾਂ ਤੇ ਕਬਜੇ ਕਰਕੇ ਉਨਾਂ ਨੂੰ ਘਸਿਆਰੇ ਬਣਾਇਆ ਜਾ ਰਿਹਾ ਹੈ, ਅਸਲ ਚ ਲੈੰਡ ਮਾਫੀਆ ਰਾਹੀਂ ਅਰਬਾਂ ਖਰਬਾਂ ਦੀ ਕਮਾਈ ਕਰਨ ਲਈ ਕੇਜਰੀਵਾਲ ਲਾਣੇ ਨੇ ਇਹ ਪ੍ਰਪੰਚ ਰਚ ਕੇ ਪੰਜਾਬੀਆਂ ਨਾਲ ਧਰੋਹ ਕਮਾਇਆ ਹੈ। ਉਨਾਂ ਹੈਰਾਨਗੀ ਪ੍ਰਗਟਾਈ ਕਿ ਕਿਸੇ ਪੰਜਾਬੀ ਨੇ ਸਰਕਾਰ ਤੋ ਅਜਿਹੀ ਸਕੀਮ ਲਿਆਉਣ ਦੀ ਮੰਗ ਨਹੀ ਕੀਤੀ। ਉਨਾਂ ਕਿਹਾ ਕਿ ਅਸਲ ਚ ਕਾਰਪੋਰੇਟਾਂ ਦੇ ਹੱਥ ਸੂਬੇ ਦੀ ਵਾਗਡੋਰ ਫੜਾਈ ਜਾ ਰਹੀ ਹੈ , ਦੇਸ਼ ਭਰ ਚ ਮੋਦੀ ਹਕੂਮਤ ਵੱਡੇ ਕਾਰਪੋਰੇਟਾਂ ਦੇ ਹਿਤਾਂ ਚ ਵੱਡੇ ਸੜਕੀ ਪ੍ਰੋਜੈਕਟਾਂ ਲਈ ਹਜਾਰਾਂ ਏਕੜ ਜਮੀਨ ਖੋਹ ਚੁੱਕੀ ਹੈ। ਅਸਲ ਚ ਕਿਸਾਨਾਂ ਨੂੰ ਖੇਤੀ ਚੋ ਬਾਹਰ ਕਰਨ ਲਈ ਇਸ ਸ਼ੇਖਚਿੱਲੀ ਵਾਲੀ ਸਕੀਮ ਰਾਹੀ ਵਿਤੀ ਸੰਸਥਾਵਾਂ ਤੋ ਗੈਰ ਪੈਦਾਵਾਰੀ ਕਰਜੇ ਚੁਕ ਕੇ ਪੰਜਾਬ ਨੂੰ ਕਰਜਈ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਇਸ ਲੈੰਡ ਪੁਲਿੰਗ ਦੀ ਮਾਰ ਚ ਆ ਰਹੇ ਸਮੂਹ ਪਿੰਡਾਂ ਚ ਇਸ ਧੱਕੇ ਨਾਲ ਕਿਸਾਨਾਂ ਦੇ ਨਾਲ ਨਾਲ ਸਭ ਤੋ ਵੱਧ ਮਾਰ ਪੇੰਡੂ ਮਜਦੂਰਾਂ ਤੇ ਪਵੇਗੀ। ਦਿਹਾੜੀ ਜੋਤਾਂ ਲਾ ਕੇ ਜਾਂ ਸੀਰੀ ਸਾਂਝੀ ਰਲ ਕੇ ਰੋਟੀ ਦਾ ਜੁਗਾੜ ਕਰਨ ਵਾਲੇ ਲੋਕਾਂ ਦੀ ਹਾਲਤ ਅਪਣੇ ਸੰਗੀ ਕਿਸਾਨਾਂ ਤੋ ਵੀ ਬਦਤਰ ਹੋ ਜਾਵੇਗੀ। ਉਨਾਂ ਕਿਹਾ ਕਿ ਤਿੰਨ ਕਾਲੇ ਕਨੂੰਨਾਂ ਵਾਂਗ ਆਰ ਪਾਰ ਦੀ ਲੜਾਈ ਲੜ ਕੇ ਇਹ ਲੋਕ ਵਿਰੋਧੀ ਪਾਲਸੀ ਵੀ ਰੱਦ ਕਰਾਈ ਜਾ ਸਕਦੀ ਹੈ।






