ਕਾਹਨਪੁਰ ਖੂਹੀ, 11 ਜੁਲਾਈ ( ਦਲਜੀਤ ਚਨੌਲੀ ): ਕਾਹਨਪੁਰ ਖੂਹੀ ਤੋਂ ਭੰਗਲ ਤੱਕ ਬਣ ਰਹੀ ਸੜਕ ਦੇ ਕੰਮ ਦੌਰਾਨ ਭਨੂੰਹਾਂ ਅਤੇ ਸਮੁੰਦੜੀਆਂ ਪਿੰਡਾਂ ਦੇ ਲੋਕਾਂ ਨੇ ਬਰਸਾਤੀ ਖੱਡ ਵਿੱਚ ਆਰਜ਼ੀ ਰਸਤਾ ਬਣਾਏ ਜਾਣ ਦੀ ਕੋਸ਼ਿਸ਼ ਦਾ ਵਿਰੋਧ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਖੱਡ ਵਿੱਚ ਭਾਰੀ ਵਾਹਨਾਂ ਦੀ ਆਵਾਜਾਈ ਲਈ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਨੂੰ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਰੁਕਵਾ ਦਿੱਤਾ। ਪਿੰਡ ਵਾਸੀਆਂ ਅਨੁਸਾਰ ਕੁਝ ਦਿਨ ਪਹਿਲਾਂ ਵੀ ਅਜਿਹੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਸੀ। ਸ਼ਨੀਵਾਰ ਨੂੰ ਜਦੋਂ ਮੁੜ ਮਸ਼ੀਨਰੀ ਖੱਡ ਵਿੱਚ ਕੰਮ ਕਰਦੀ ਦਿਖਾਈ ਦਿੱਤੀ ਤਾਂ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਪਹੁੰਚੇ ਅਤੇ ਕੰਮ ਬੰਦ ਕਰਵਾ ਦਿੱਤਾ। ਪੰਚਾਇਤੀ ਨੁਮਾਇੰਦਿਆਂ ਨੇ ਦੱਸਿਆ ਕਿ ਭਨੂੰਹਾਂ ਦੇ ਗੁਰਦੁਆਰਾ ਸਾਹਿਬ ਤੋਂ ਭਜਨ ਢਾਬੇ ਤੱਕ ਬਰਸਾਤੀ ਖੱਡ ਦੇ ਹਿੱਸੇ ਨੂੰ ਸਮਤਲ ਕੀਤਾ ਜਾ ਰਿਹਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਖੱਡ ਦੇ ਕੁਦਰਤੀ ਵਹਾਅ ‘ਤੇ ਅਸਰ ਪੈ ਸਕਦਾ ਹੈ। ਲੋਕਾਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਖੱਡ ਵਿੱਚ ਤੇਜ਼ ਪਾਣੀ ਆਉਂਦਾ ਹੈ, ਇਸ ਲਈ ਇੱਥੇ ਕਿਸੇ ਵੀ ਤਰ੍ਹਾਂ ਦਾ ਆਰਜ਼ੀ ਰਸਤਾ ਬਣਾਉਣਾ ਭਵਿੱਖ ਵਿੱਚ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਭਾਰੀ ਵਾਹਨਾਂ ਲਈ ਬਦਲਵਾਂ ਰਸਤਾ ਨਿਰਧਾਰਤ ਕੀਤਾ ਗਿਆ ਹੈ। ਇਸ ਲਈ ਬਰਸਾਤੀ ਖੱਡ ਵਿੱਚੋਂ ਰਸਤਾ ਬਣਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਕੁਦਰਤੀ ਨਿਕਾਸ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇ ਅਤੇ ਅਜਿਹੀਆਂ ਕੋਸ਼ਿਸ਼ਾਂ ਨੂੰ ਰੋਕਿਆ ਜਾਵੇ। ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਚੌਕੀ ਕਲਵਾਂ ਵਿਖੇ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੌਕੇ ਦਾ ਜਾਇਜ਼ਾ ਲੈ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਵਿੱਚ ਨਿਗਰਾਨੀ ਵਧਾਈ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਸਥਿਤੀ ਤੋਂ ਬਚਿਆ ਜਾ ਸਕੇ। ਵਿਰੋਧ ਮੌਕੇ ਸਰਪੰਚ ਸੁਰਿੰਦਰ ਕੌਰ, ਪੰਚ ਗੋਪਾਲ ਚੰਦ ਮਿਸਤਰੀ, ਤਾਰਾ ਸਿੰਘ, ਅਰਜਨ ਸਿੰਘ, ਭਾਗ ਸਿੰਘ ਫੌਜੀ, ਨਰੇਸ਼ ਕੁਮਾਰ, ਅਵਤਾਰ ਸਿੰਘ, ਨਰਿੰਦਰ ਸਿੰਘ, ਅਮਰੀਕ ਸਿੰਘ, ਹਿੰਮਤ ਸਿੰਘ, ਗੁਰਦੀਪ ਸਿੰਘ, ਜਸਵੰਤ ਸਿੰਘ, ਮੋਹਨ ਸਿੰਘ, ਜਸਬੀਰ ਸਿੰਘ, ਲਖਬੀਰ ਸਿੰਘ, ਸੁਖਵਿੰਦਰ ਸਿੰਘ, ਜਾਗਰ ਸਿੰਘ, ਸੋਹਣ ਸਿੰਘ, ਕੈਪਟਨ ਪਿਆਰਾ ਸਿੰਘ, ਜੋਗਿੰਦਰ ਸਿੰਘ, ਰਾਮਦਾਸ ਸਮੁੰਦੜੀਆਂ ਸਮੇਤ ਦੋਵੇਂ ਪਿੰਡਾਂ ਦੇ ਪੰਚਾਇਤੀ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।