ਪਿੰਡ ਬਚਾਓ, ਪੰਜਾਬ ਬਚਾਓ’ ਮੁਹਿੰਮ ਦੀ ਕਾਠਗੜ੍ਹ ਵਿਖੇ ਹੋਈ ਅਹਿਮ ਮੀਟਿੰਗ; 14 ਅਗਸਤ ਨੂੰ ਜਲੰਧਰ ‘ਚ ਹੋਵੇਗੀ ਵਿਸ਼ਾਲ ਕਨਵੈਂਸ਼ਨ

Spread the love
ਨਵਾਂਸ਼ਹਿਰ /ਕਾਠਗੜ੍ਹ, 8 ਅਗਸਤ (ਜਤਿੰਦਰਪਾਲ ਸਿੰਘ ਕਲੇਰ) :’ਪਿੰਡ ਬਚਾਓ, ਪੰਜਾਬ ਬਚਾਓ’ ਮੁਹਿੰਮ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਇੱਥੇ ਭਾਈ ਲਾਲੋ ਲੋਕ ਮੰਚ ਪੰਜਾਬ ਦੇ ਸੂਬਾਈ ਆਗੂ ਸਾਥੀ ਕਰਨ ਸਿੰਘ ਰਾਣਾ ਦੀ ਪ੍ਰਧਾਨਗੀ/ਅਗਵਾਈ ਹੇਠ ਸਫ਼ਲਤਾਪੂਰਵਕ ਸੰਪੰਨ ਹੋਈ। ਇਸ ਮੀਟਿੰਗ ਵਿੱਚ ਪੰਜਾਬ ਦੇ ਲਟਕਦੇ ਮੁੱਦਿਆਂ, ਜਵਾਨੀ ਅਤੇ ਕਿਸਾਨੀ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ‘ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉੱਘੇ ਬੁੱਧੀਜੀਵੀ ਅਤੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਨੇ ਕਿਹਾ ਕਿ ਅੱਜ ਪਿੰਡਾਂ ਦੀ ਜਵਾਨੀ, ਜ਼ਮੀਨ ਅਤੇ ਅਰਥਚਾਰੇ ‘ਤੇ ਪੂੰਜੀਪਤੀ ਕਾਰਪੋਰੇਟ ਘਰਾਣਿਆਂ ਵੱਲੋਂ ਤਿੱਖਾ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਮਾਰੂ ਨਸ਼ੇ ਅਤੇ ਵਧ ਰਿਹਾ ਗੈਂਗਵਾਦ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ ਪੱਬਾ ਭਾਰ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਨੀਤੀਆਂ ਪੰਜਾਬ ਦੇ ਖੇਤੀਬਾੜੀ ਸੈਕਟਰ ਅਤੇ ਇਸ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਰਹੀਆਂ ਹਨ।ਸਰਦਾਰ ਹਮੀਰ ਸਿੰਘ ਨੇ ਪੰਜਾਬ ਦੇ ਕੁਦਰਤੀ ਸਰੋਤਾਂ ਅਤੇ ਹੱਕਾਂ ਦੀ ਗੱਲ ਕਰਦਿਆਂ ਕਿਹਾ ਕਿ ਇੱਕ ਡੂੰਘੀ ਸਾਜ਼ਿਸ਼ ਤਹਿਤ ਪੰਜਾਬ ਦੇ ਧਰਤੀ ਹੇਠਲੇ ਸ਼ੁੱਧ ਪੀਣ ਵਾਲੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਦਰਿਆਈ ਪਾਣੀਆਂ ਦੀ ਵੰਡ ਅਤੇ ਡੈਮਾਂ ‘ਤੇ ਅਧਿਕਾਰਾਂ ਦੇ ਮਾਮਲੇ ਵਿੱਚ ਕੇਂਦਰ ਵੱਲੋਂ ਪੰਜਾਬ ਨਾਲ ਲਗਾਤਾਰ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨਸਾਫ਼ ਦੇ ਨਾਂ ‘ਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਅਜੇ ਤੱਕ ਪੰਜਾਬ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਨਾ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੇ ਸਪੁਰਦ ਕੀਤੀ ਗਈ ਹੈ।ਸਰਕਾਰਾਂ ਦੀਆਂ ਆਰਥਿਕ ਨੀਤੀਆਂ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਿਰਤ ਦੇ ਪੁਜਾਰੀ ਹਨ, ਪਰ ਸਰਕਾਰਾਂ ਨੇ ਮਨਰੇਗਾ ਕਾਨੂੰਨ ਨੂੰ ਅਮਲੀ ਰੂਪ ਵਿੱਚ ਖ਼ਤਮ ਕਰਕੇ ਲੱਖਾਂ ਗਰੀਬ ਤੇ ਕਿਰਤੀ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਆਉਂਦੀਆਂ ਚੋਣਾਂ ਦਾ ਢੋਲ ਤਾਂ ਜ਼ੋਰ-ਸ਼ੋਰ ਨਾਲ ਵਜਾ ਰਹੀਆਂ ਹਨ, ਪਰ ਲੋਕਾਂ ਦੇ ਅਸਲ ਮੁੱਦਿਆਂ ਅਤੇ ਪੰਜਾਬ ਦੇ ਗੰਭੀਰ ਸੰਕਟਾਂ ‘ਤੇ ਬਿਲਕੁਲ ਖਾਮੋਸ਼ ਹਨ। ਰਾਜਨੀਤਿਕ ਧਿਰਾਂ ਦੀ ਇਹ ਖਾਮੋਸ਼ੀ ਪੰਜਾਬ ਨੂੰ ਹੋਰ ਬਰਬਾਦੀ ਵੱਲ ਧੱਕ ਦੇਵੇਗੀ।ਉਨ੍ਹਾਂ ਨੇ ਸੱਦਾ ਦਿੱਤਾ ਕਿ ਪੰਜਾਬੀਆਂ ਨੂੰ ਹੁਣ ਆਪ ਅੱਗੇ ਆ ਕੇ ਪੰਜਾਬ ਨੂੰ ਬਚਾਉਣ ਲਈ ਹਰ ਪਿੰਡ ਤੋਂ ਪਹਿਲਕਦਮੀ ਕਰਨੀ ਹੋਵੇਗੀ, ਕਿਉਂਕਿ ਜੇਕਰ ਪਿੰਡ ਬਚਣਗੇ ਤਾਂ ਹੀ ਪੰਜਾਬ ਬਚ ਸਕੇਗਾ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੱਤੀ ਕਿ ‘ਪਿੰਡ ਬਚਾਓ, ਪੰਜਾਬ ਬਚਾਓ’ ਮੁਹਿੰਮ ਤਹਿਤ 14 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਇੱਕ ਵਿਸ਼ਾਲ ਕਨਵੈਂਸ਼ਨ ਕਰਵਾਈ ਜਾ ਰਹੀ ਹੈ, ਜਿਸ ਵਿੱਚ ਸਮੂਹ ਪੰਜਾਬ ਹਤੈਸ਼ੀ ਲੋਕਾਂ ਨੂੰ ਵੱਧ-ਚੜ੍ਹ ਕੇ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਖੁਸ਼ਹਾਲ ਸਿੰਘ, ਕਰਨੈਲ ਸਿੰਘ, ਹਰਦੀਪ ਗਹੂਨ, ਹਰਪਾਲ ਸਿੰਘ ਮੱਕੋਵਾਲ, ਮਨੋਹਰ ਲਾਲ ਟੌਂਸਾ, ਡਾਕਟਰ ਪਵਨ ਕੁਮਾਰ, ਕਰਨੈਲ ਸਿੰਘ ਭੱਲਾ, ਦੀਦਾਰ ਸਿੰਘ ਭਰਥਲਾ, ਅਭੀ ਸਿੰਘ ਅਤੇ ਵਿਨੋਦ ਚੋਪੜਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੁਹਿੰਮ ਨੂੰ ਪਿੰਡ-ਪਿੰਡ ਤੱਕ ਲੈ ਕੇ ਜਾਣ ਦਾ ਅਹਿਦ ਲਿਆ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *