ਮਾਜਰੀ, 8 ਅਗਸਤ (ਜਗਦੇਵ ਸਿੰਘ ) -ਪਿੰਡ ਬਜੀਦਪੁਰ, ਮਲਕਪੁਰ ਤੇ ਸਿਆਮੀਪੁਰ ਦੀ ਜ਼ਮੀਨ ਗਰੀਨ ਜ਼ੋਨ ਅਧੀਨ ਲਿਆਉਣ ਖਿਲਾਫ਼ 10 ਅਗਸਤ ਨੂੰ ਮਾਜਰੀ ਬਲਾਕ ਵਿਖੇ ਰੋਡ ਜਾਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਸਪਾਲ ਸਿੰਘ ਲੱਕੀ, ਰਵਿੰਦਰ ਸਿੰਘ ਬਜੀਦਪੁਰ ਤੇ ਬਲਕਾਰ ਸਿੰਘ ਮਲਕਪੁਰ ਨੇ ਦੱਸਿਆ ਕਿ ਗਮਾਡਾ ਮੋਹਾਲੀ ਵੱਲੋਂ ਸ਼ਾਮਲਾਤੀ ਤੇ ਨਦੀਆਂ ਅਧੀਨ ਜ਼ਮੀਨਾਂ ਦੀ ਬਜਾਇ ਮਾਜਰੀ ਬਲਾਕ ਤੋਂ ਬਜੀਦਪੁਰ, ਸਿਆਮੀਪੁਰ ਤੇ ਮਲਕਪੁਰ ਆਦਿ ਪਿੰਡਾਂ ਦੀ ਉਪਜਾਊ ਜ਼ਮੀਨ ਗਰੀਨ ਜ਼ੋਨ ਵਿੱਚ ਪਾ ਦਿੱਤੀ ਗਈ ਹੈ। ਜਿਸ ਕਾਰਨ ਜਿੱਥੇ ਇਨ੍ਹਾਂ ਪਿੰਡਾਂ ਦੀ ਉਪਜਾਊ ਜ਼ਮੀਨ ਬਰਬਾਦ ਹੋਵੇਗੀ ਤੇ ਕਿਸਾਨ ਨੂੰ ਪੂਰੀ ਕੀਮਤ ਵੀ ਵਸੂਲ ਨਹੀਂ ਹੋਵੇਗੀ ਉਥੇ ਵਸੋਂ ਨੇੜੇ ਹੋਣ ਕਾਰਨ ਪਿੰਡਾਂ ਨੂੰ ਵੀ ਨੁਕਸਾਨ ਹੋਵੇਗਾ। ਇਸ ਲਈ ਗਮਾਡਾ ਦਾ ਫ਼ੈਸਲਾ ਬਦਲਣ ਲਈ ਸੰਘਰਸ਼ ਕਮੇਟੀ ਅਫ਼ਸਰਾਂ ਤੇ ਸਰਕਾਰ ਤੱਕ ਪਹੁੰਚ ਕਰ ਚੁੱਕੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਾ ਹੋਣ ਕਾਰਨ ਉਨ੍ਹਾਂ ਨੂੰ ਰੋਡ ਜਾਮ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਮਗਰੋਂ ਵੀ ਜੇਕਰ ਸੁਣਵਾਈ ਨਾ ਹੋਈ ਤਾਂ ਸਬੰਧਤ ਪਿੰਡ ਕਿਸਾਨ ਜਥੇਬੰਦੀਆਂ ਨਾਲ ਮਿਲਕੇ ਸਖ਼ਤ ਸੰਘਰਸ਼ ਸ਼ੁਰੂ ਕਰਨਗੇ।