ਕੁਰਾਲੀ 13ਅਗਸਤ (ਜਗਦੇਵ ਸਿੰਘ )ਬਦਲਾਅ ਦੇ ਰੰਗਲੇ ਜਹਾਜ ਪਰ ਉੱਡਕੇ ਆਈ ਝਾੜੂ ਦੀ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ। ਇਸਦੇ ਮੁਖੀ ਭਗਵੰਤ ਮਾਨ ਦਿੱਲੀ ਦੇ ਨਕਾਰੇ ਹੋਏ ਤਥਾਕਥਿਤ ਇਨਕਲਾਬ ਦਾ ਛੁਣਛਣਾ ਸਟੇਜਾਂ ਉੱਤੇ ਵਜਾਉਂਦੇ ਫਿਰ ਰਹੇ ਹਨ ਜਿਸ ਨਾਲ਼ ਪੰਜਾਬ ਦੇ ਖਜ਼ਾਨੇ ਨੂੰ ਤੰਗਲ਼ੀ ਨਾਲ਼ ਉਡਾ ਕੇ ਭੋਲ਼ੇ ਭਾਲੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਖਰੜ ਹਲਕੇ ਦੇ ਸਮਾਜਸੇਵੀ ਅਤੇ ਸੀਨੀਅਰ ਨੇਤਾ ਦਲਵਿੰਦਰ ਸਿੰਘ ਬੈਨੀਪਾਲ ਨੇ ਅੱਗੇ ਕਿਹਾ ਕਿ ਹਵਾ ਚ ਰੰਗਲੇ ਪੰਜਾਬ ਦੇ ਸਿਰਫ਼ ਨਾਹਰੇ ਹਨ, ਪਰ ਜ਼ਮੀਨੀ ਹਕੀਕਤ ਬਹੁਤ ਹੀ ਨਿਰਾਸ਼ਾਜਨਕ ਹੈ ਤੇ ਜਨਤਾ ਦਫਤਰਾਂ ਚ ਭਟਕਦੀ ਫਿਰ ਰਹੀ ਹੈ।ਉਹਨਾਂ ਅੱਗੇ ਕਿਹਾ ਕਿ ਮਾਜਰੀ ਤਹਿਸੀਲ ਦੇ ਪਟਵਾਰੀ ਦਫਤਰਾਂ ਚ ਮਿਲਦੇ ਹੀ ਨਹੀਂ ਹਨ ਜਿਸ ਨਾਲ਼ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜੇਕਰ ਪਟਵਾਰੀ ਨੂੰ ਫੋਨ ਉੱਤੇ ਪਤਾ ਕਰੋ ਤਾਂ ਪਹਿਲੀ ਗੱਲ ਲੋਕਾਂ ਦਾ ਫੋਨ ਹੀ ਨੀ ਚੁੱਕਦੇ ਜਾਂ ਫੇਰ ਕਿਤੇ ਹੋਰ ਪਾਸੇ ਡਿਊਟੀ ਦਾ ਬਹਾਨਾ ਮਾਰ ਦਿੰਦੇ ਹਨ। ਉਹਨਾਂ ਮਾਲ ਮਹਿਕਮੇ ਦੀ ਨਾਕਸ ਕਾਰਗੁਜਾਰੀ ਦਾ ਖੁਲਾਸਾ ਕਰਦਿਆਂ ਅੱਗੇ ਕਿਹਾ ਕਿ ਮਾਜਰੀ ਤਹਿਸੀਲ ਚ ਕਿਸੇ ਵੀ ਵੱਡੇ ਤਹਿਸੀਲਦਾਰ ਦੀ ਰੈਗੂਲਰ ਡਿਊਟੀ ਨਹੀਂ ਜਿਸ ਨਾਲ਼ ਕਈ ਕਈ ਮਹੀਨਿਆਂ ਦੇ ਇੰਤਕਾਲ ਲਟਕ ਰਹੇ ਹਨ ਤੇ ਗਰਮੀ ਚ ਲੋਕਾਂ ਨੂੰ ਦਰ ਦਰ ਭਟਕਣਾ ਪੈ ਰਿਹਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਮਾਜਰੀ ਤਹਿਸੀਲ ਦੇ ਪਟਵਾਰੀਆਂ ਦਾ ਦਫਤਰਾਂ ਚ ਮਿਲਣਾ ਯਕੀਨੀ ਬਣਾਇਆ ਜਾਵੇ ਅਤੇ ਖਰੜ ਦੇ ਵੱਡੇ ਤਹਿਸੀਲਦਾਰ ਦੀ ਪੱਕੀ ਡਿਊਟੀ ਮਾਜਰੀ ਚ ਲਗਾਈ ਜਾਵੇ ਜਿਸ ਨਾਲ਼ ਲੋਕਾਂ ਦੇ ਰੁਕੇ ਹੋਏ ਕੰਮ ਹੋ ਸਕਣ। ਉਹਨਾਂ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਲੋਕ ਭਾਵਨਾ ਦਾ ਖਿਆਲ ਰੱਖ ਕੇ ਦਫਤਰਾਂ ਚ ਕੰਮ ਹੋਣਾ ਆਸਾਨ ਨਾਂ ਕੀਤਾ ਤਾਂ ਅਗਲੇ ਹਫਤੇ ਲੋਕਾਂ ਨੂੰ ਲਾਮਬੰਦ ਕਰਕੇ ਜਲਦੀ ਹੀ ਮਾਜਰੀ ਤਹਿਸੀਲ ਦੇ ਬਾਹਰ ਧਰਨਾ ਲਗਾ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਖਰੜ ਹਲਕੇ ਦੇ ਕਈ ਮੋਹਤਬਰ ਵੀ ਮੌਜੂਦ ਸਨ।