ਸਰਪਲੱਸ ਬਿਜਲੀ ਦੇ ਦਾਅਵੇ ਹਵਾ ਹੋਏ, ਅਣਐਲਾਨੇ ਕੱਟਾਂ ਨੇ ਜੈਤੋ ਨੂੰ ਹਨੇਰੇ ‘ਚ ਧੱਕਿਆ ਬਿਜਲੀ ਕੱਟਾਂ ਨੇ ਲੋਕਾਂ ਦੀ ਨੀਂਦ ਤੇ ਕਾਰੋਬਾਰ ਦੋਵੇਂ ਖੋਹੇ; ਵਿਭਾਗ ਦੀ ਕਾਰਗੁਜ਼ਾਰੀ ‘ਤੇ ਉੱਠੇ ਸਵਾਲ

Spread the love
ਜੈਤੋ, 18 ਜੁਲਾਈ (ਮਨਜੀਤ ਸਿੰਘ ਢੱਲਾ):=ਜੈਤੋ ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਦਿਨ-ਰਾਤ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਨੇ ਆਮ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਤਪਦੀ ਗਰਮੀ ਅਤੇ ਹੁੰਮਸ ਭਰੇ ਮੌਸਮ ਦੌਰਾਨ ਵਾਰ-ਵਾਰ ਬਿਜਲੀ ਸਪਲਾਈ ਬੰਦ ਹੋਣ ਕਾਰਨ ਬੱਚਿਆਂ, ਬਜ਼ੁਰਗਾਂ, ਬਿਮਾਰਾਂ ਅਤੇ ਔਰਤਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਤ ਸਮੇਂ ਲੱਗਣ ਵਾਲੇ ਲੰਬੇ ਬਿਜਲੀ ਕੱਟਾਂ ਕਾਰਨ ਲੋਕਾਂ ਦੀ ਨੀਂਦ ਪ੍ਰਭਾਵਿਤ ਹੋ ਰਹੀ ਹੈ, ਜਦਕਿ ਦਿਨ ਵੇਲੇ ਘਰੇਲੂ ਕੰਮਕਾਜ ਅਤੇ ਵਪਾਰਕ ਗਤੀਵਿਧੀਆਂ ਵੀ ਠੱਪ ਹੋ ਰਹੀਆਂ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਵੱਲੋਂ ਨਾ ਤਾਂ ਬਿਜਲੀ ਕੱਟਾਂ ਸਬੰਧੀ ਕੋਈ ਅਗਾਊਂ ਸੂਚਨਾ ਦਿੱਤੀ ਜਾਂਦੀ ਹੈ ਅਤੇ ਨਾ ਹੀ ਸਪਲਾਈ ਬਹਾਲ ਹੋਣ ਦਾ ਸਮਾਂ ਦੱਸਿਆ ਜਾਂਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਜਦੋਂ ਖਪਤਕਾਰ ਜਾਣਕਾਰੀ ਲਈ ਸਬੰਧਤ ਕਰਮਚਾਰੀਆਂ ਨਾਲ ਸੰਪਰਕ ਕਰਦੇ ਹਨ ਤਾਂ ਕਈ ਵਾਰ ਫੋਨ ਨਹੀਂ ਚੁੱਕੇ ਜਾਂਦੇ ਅਤੇ ਜੇਕਰ ਗੱਲ ਹੋ ਵੀ ਜਾਵੇ ਤਾਂ ਅਕਸਰ “ਤਕਨੀਕੀ ਨੁਕਸ” ਦਾ ਹਵਾਲਾ ਦੇ ਕੇ ਲੋਕਾਂ ਨੂੰ ਟਾਲ ਦਿੱਤਾ ਜਾਂਦਾ ਹੈ। ਇਸ ਕਾਰਨ ਲੋਕਾਂ ਵਿੱਚ ਰੋਸ ਲਗਾਤਾਰ ਵਧ ਰਿਹਾ ਹੈ।ਲਗਾਤਾਰ ਬਿਜਲੀ ਕੱਟਾਂ ਕਾਰਨ ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਵੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਉਨ੍ਹਾਂ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਡੀਜ਼ਲ ਫੂਕ ਕੇ ਜਨਰੇਟਰ ਚਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਰੋਜ਼ਾਨਾ ਖ਼ਰਚੇ ਵਿੱਚ ਕਾਫ਼ੀ ਵਾਧਾ ਹੋ ਗਿਆ ਹੈ। ਸ਼ਹਿਰ ਵਾਸੀਆਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਤੋਂ ਅਣਐਲਾਨੇ ਬਿਜਲੀ ਕੱਟਾਂ ‘ਤੇ ਤੁਰੰਤ ਰੋਕ ਲਗਾਉਣ ਅਤੇ ਬਿਜਲੀ ਸਪਲਾਈ ਨੂੰ ਨਿਯਮਤ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤਕਨੀਕੀ ਕਾਰਨ ਕਰਕੇ ਬਿਜਲੀ ਸਪਲਾਈ ਪ੍ਰਭਾਵਿਤ ਹੋਣੀ ਹੋਵੇ ਤਾਂ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਵੇ, ਤਾਂ ਜੋ ਉਹ ਆਪਣੇ ਕੰਮਕਾਜ ਦੀ ਯੋਜਨਾ ਉਸ ਅਨੁਸਾਰ ਬਣਾ ਸਕਣ ਅਤੇ ਬੇਲੋੜੀ ਪ੍ਰੇਸ਼ਾਨੀ ਤੋਂ ਬਚ ਸਕਣ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਸੂਬੇ ਨੂੰ ਬਿਜਲੀ ਪੱਖੋਂ ਸਰਪਲੱਸ ਹੋਣ ਅਤੇ ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵੇ ਕੀਤੇ ਜਾਂਦੇ ਹਨ। ਇਸ ਦੇ ਬਾਵਜੂਦ ਜੈਤੋ ਸਮੇਤ ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਾਰ-ਵਾਰ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਨੇ ਇਨ੍ਹਾਂ ਦਾਅਵਿਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੂਬੇ ਵਿੱਚ ਵਾਧੂ ਬਿਜਲੀ ਉਪਲਬਧ ਹੈ ਤਾਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੇ ਕਾਰਨਾਂ ਨੂੰ ਦੂਰ ਕਰਕੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਜਾਵੇ। ਹਰ ਰੋਜ਼ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਕਾਰਨ ਸ਼ਹਿਰ ਵਾਸੀਆਂ ਵਿੱਚ ਰੋਸ ਵਧਦਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਬਿਜਲੀ ਵਿਭਾਗ ਤੋਂ ਜਲਦੀ ਹਾਲਾਤ ਸੁਧਾਰਨ ਦੀ ਮੰਗ ਕੀਤੀ ਹੈ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *