ਸਿਵਲ ਹਸਪਤਾਲ ਨੇੜੇ ਸੰਘਣੀ ਆਬਾਦੀ ਵਾਲੇ ਇਲਾਕੇ ਦੇ ਕੂੜਾ ਡੰਪ ਨੂੰ ਲੱਗੀ ਭਿਆਨਕ ਅੱਗ, ਲੋਕਾਂ ’ਚ ਭਾਰੀ ਰੋਸ

Spread the love
ਸਮਰਾਲਾ,25 ਅਗਸਤ ( ਮੁਕੇਸ਼ ਵਰਮਾ)-ਸਿਵਲ ਹਸਪਤਾਲ ਨੇੜੇ ਜੁਝਾਰ ਸਿੰਘ ਨਗਰ ਅਤੇ ਅੰਬੇਡਕਰ ਕਾਲੋਨੀ ਦੀ ਮੇਨ ਗਲੀ ’ਤੇ ਸਥਿਤ ਕੂੜੇ ਦੇ ਸੈਕੰਡਰੀ ਡੰਪ ਨੂੰ ਮੰਗਲਵਾਰ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਪੂਰੇ ਇਲਾਕੇ ਵਿੱਚ ਧੂੰਆਂ ਫੈਲ ਗਿਆ ਅਤੇ ਕੁਝ ਸਮੇਂ ਲਈ ਅਫਰਾ-ਤਫਰੀ ਦਾ ਮਾਹੌਲ ਬਣਿਆ ਰਿਹਾ। ਸੰਘਣੀ ਆਬਾਦੀ ਦੇ ਵਿਚਕਾਰ ਸਥਿਤ ਇਸ ਡੰਪ ਵਿੱਚ ਅੱਗ ਲੱਗਣ ਦੀ ਘਟਨਾ ਨੇ ਇੱਕ ਵਾਰ ਫਿਰ ਨਗਰ ਕੌਂਸਲ ਦੀ ਸਫਾਈ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੂੜੇ ਨੂੰ ਅੱਗ ਲੱਗਣ ਕਾਰਨ ਉੱਠੇ ਧੂੰਏਂ ਨਾਲ ਇਲਾਕੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਅਤੇ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਡਰ ਸਤਾਉਣ ਲੱਗਾ। ਲੋਕਾਂ ਮੁਤਾਬਕ ਇਹ ਡੰਪ ਸੰਘਣੀ ਆਬਾਦੀ ਦੇ ਬਿਲਕੁਲ ਨੇੜੇ ਹੈ ਅਤੇ ਇਸ ਦੇ ਆਲੇ-ਦੁਆਲੇ ਘਰਾਂ ਤੋਂ ਇਲਾਵਾ ਸਿਵਲ ਹਸਪਤਾਲ ਵੀ ਸਥਿਤ ਹੈ।ਇਲਾਕਾ ਨਿਵਾਸੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਨੇ ਬੱਚਿਆਂ ਸਮੇਤ ਪਾਣੀ ਦੀਆਂ ਬਾਲਟੀਆਂ ਪਾ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਡੰਪ ਦੇ ਬਿਲਕੁਲ ਉੱਪਰ ਬਿਜਲੀ ਦਾ ਟਰਾਂਸਫਾਰਮਰ ਅਤੇ ਨੰਗੀਆਂ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਹਨ, ਜਿਸ ਕਾਰਨ ਜੇਕਰ ਅੱਗ ਹੋਰ ਭੜਕ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।ਇਲਾਕਾ ਨਿਵਾਸੀ ਕਮਲ ਨੇ ਕਿਹਾ ਕਿ ਇਸ ਡੰਪ ’ਤੇ ਬਾਹਰਲੇ ਲੋਕ ਵੀ ਰੇਹੜੀਆਂ ਭਰ ਕੇ ਕੂੜਾ ਸੁੱਟ ਜਾਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰ ਹਸਪਤਾਲ ਵਿੱਚ ਵਰਤੀਆਂ ਗਈਆਂ ਸਰਿੰਜਾਂ ਅਤੇ ਹੋਰ ਕੂੜਾ ਵੀ ਇੱਥੇ ਖੁੱਲ੍ਹੇ ਵਿੱਚ ਸੁੱਟਿਆ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਦੀ ਸਿਹਤ ਲਈ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੂੜਾ ਸੁੱਟਣ ’ਤੇ 5,000 ਰੁਪਏ ਜੁਰਮਾਨੇ ਸਬੰਧੀ ਬੋਰਡ ਤਾਂ ਲਗਾਇਆ ਗਿਆ ਹੈ, ਪਰ ਇਸ ਦੀ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਨਹੀਂ ਕਰਵਾਈ ਜਾ ਰਹੀ।ਲੋਕਾਂ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਪਹਿਲਾਂ ਵੀ ਕਈ ਵਾਰ ਨਗਰ ਕੌਂਸਲ ਅਤੇ ਸਬੰਧਤ ਅਧਿਕਾਰੀਆਂ ਕੋਲ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਮਾਮਲਾ ਅਖ਼ਬਾਰਾਂ ਰਾਹੀਂ ਵੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ, ਪਰ ਇਸ ਦੇ ਬਾਵਜੂਦ ਸਥਾਈ ਹੱਲ ਨਹੀਂ ਹੋ ਸਕਿਆ। ਲੋਕਾਂ ਦਾ ਕਹਿਣਾ ਹੈ ਕਿ ਸੰਘਣੀ ਆਬਾਦੀ ਵਿੱਚ ਕੂੜਾ ਇਕੱਠਾ ਹੋਣ ਕਾਰਨ ਬਦਬੂ, ਗੰਦਗੀ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।ਦੂਜੇ ਪਾਸੇ, ਪ੍ਰਧਾਨ ਲਾਲਾ ਮੰਗਤ ਰਾਏ ਨੇ ਕਿਹਾ ਕਿ ਅੰਦਰਲੀਆਂ ਤੰਗ ਗਲੀਆਂ ਵਿੱਚ ਵੱਡੀਆਂ ਗੱਡੀਆਂ ਨਹੀਂ ਜਾ ਸਕਦੀਆਂ। ਇਸ ਕਾਰਨ ਸਫਾਈ ਸੇਵਕ ਰੇਹੜੀਆਂ ਰਾਹੀਂ ਕੂੜਾ ਇਕੱਠਾ ਕਰਕੇ ਥੋੜ੍ਹੇ ਸਮੇਂ ਲਈ ਸੈਕੰਡਰੀ ਡੰਪ ’ਤੇ ਲਿਆ ਕੇ ਰੱਖਦੇ ਹਨ। ਇਸ ਤੋਂ ਬਾਅਦ ਟਰਾਲੀਆਂ ਰਾਹੀਂ ਕੂੜਾ ਮੁੱਖ ਡੰਪ ’ਤੇ ਪਹੁੰਚਾਇਆ ਜਾਂਦਾ ਹੈ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *