ਜੈਤੋ, 11 ਜੁਲਾਈ (ਮਨਜੀਤ ਸਿੰਘ ਢੱਲਾ): ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨਾਲ ਸੰਬੰਧਤ ਭਾਰਤੀ ਕਿਸਾਨੀ ਏਕਤਾ (ਮਾਲਵਾ) ਦੇ ਸੂਬਾ ਪ੍ਰਧਾਨ ਨਛੱਤਰ ਸਿੰਘ ਜੈਤੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਜਲੀ ਵਿਭਾਗ ਦੇ ਮੀਟਰ ਰੀਡਰਾਂ ਅਤੇ ਹੋਰ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਬਿਜਲੀ ਮੀਟਰਾਂ ਦੀ ਰੀਡਿੰਗ ਨਹੀਂ ਲਈ ਜਾ ਰਹੀ। ਇਸ ਕਾਰਨ ਆਮ ਖਪਤਕਾਰਾਂ ਨੂੰ ਦੋ-ਦੋ ਮਹੀਨਿਆਂ ਦੇ ਇਕੱਠੇ ਬਿਜਲੀ ਬਿੱਲ ਭਰਨੇ ਪੈਣਗੇ, ਜਿਸ ਨਾਲ ਲੋਕਾਂ ‘ਤੇ ਬੇਲੋੜਾ ਆਰਥਿਕ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਹਰ ਮਹੀਨੇ ਨਿਯਮਤ ਤੌਰ ‘ਤੇ ਮੀਟਰਾਂ ਦੀ ਰੀਡਿੰਗ ਲੈਣ ਨਾਲ ਖਪਤਕਾਰਾਂ ਨੂੰ ਸਮੇਂ ਸਿਰ ਬਿੱਲ ਮਿਲਦੇ ਹਨ ਅਤੇ ਉਨ੍ਹਾਂ ਦਾ ਭੁਗਤਾਨ ਕਰਨਾ ਵੀ ਆਸਾਨ ਰਹਿੰਦਾ ਹੈ। ਇਸ ਲਈ ਪੰਜਾਬ ਸਰਕਾਰ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਜਲਦ ਹੱਲ ਕਰਕੇ ਹੜਤਾਲ ਖਤਮ ਕਰਵਾਏ, ਤਾਂ ਜੋ ਬਿਜਲੀ ਸੇਵਾਵਾਂ ਮੁੜ ਸੁਚਾਰੂ ਢੰਗ ਨਾਲ ਚੱਲ ਸਕਣ। ਨਛੱਤਰ ਸਿੰਘ ਜੈਤੋ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੋਟਰਾਂ ਦੇ ਲੋਡ ਵਾਧੇ ਲਈ ਅੱਧੀ ਫੀਸ ‘ਤੇ ਸਹੂਲਤ ਦੇਣ ਦੇ ਐਲਾਨ ਕੀਤੇ ਗਏ ਹਨ, ਜਿਨ੍ਹਾਂ ਦਾ ਵਿਆਪਕ ਪ੍ਰਚਾਰ ਵੀ ਕੀਤਾ ਗਿਆ ਹੈ। ਪਰ ਅਜੇ ਤੱਕ ਬਿਜਲੀ ਵਿਭਾਗ ਦੇ ਸਥਾਨਕ ਦਫ਼ਤਰਾਂ ਨੂੰ ਇਸ ਸਬੰਧੀ ਕੋਈ ਸਰਕਾਰੀ ਹਦਾਇਤ ਜਾਂ ਲਿਖਤੀ ਪੱਤਰ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਕਾਰਨ ਕਿਸਾਨ ਲੋਡ ਵਾਧੇ ਦੀ ਸਹੂਲਤ ਦਾ ਲਾਭ ਨਹੀਂ ਲੈ ਸਕ ਰਹੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਡ ਵਾਧੇ ਦੀ ਸਕੀਮ ਸਬੰਧੀ ਤੁਰੰਤ ਲਿਖਤੀ ਹੁਕਮ ਜਾਰੀ ਕਰਕੇ ਸਾਰੇ ਬਿਜਲੀ ਦਫ਼ਤਰਾਂ ਤੱਕ ਪਹੁੰਚਾਏ ਜਾਣ, ਤਾਂ ਜੋ ਕਿਸਾਨਾਂ ਨੂੰ ਐਲਾਨੀ ਗਈ ਸਹੂਲਤ ਦਾ ਅਮਲੀ ਲਾਭ ਮਿਲ ਸਕੇ ਅਤੇ ਆਮ ਲੋਕਾਂ ਨੂੰ ਵੀ ਬਿਜਲੀ ਸੇਵਾਵਾਂ ਵਿੱਚ ਆ ਰਹੀਆਂ ਦਿੱਕਤਾਂ ਤੋਂ ਜਲਦੀ ਰਾਹਤ ਮਿਲੇ।






