ਸ਼੍ਰੀ ਮੁਕਤਸਰ ਸਾਹਿਬ, 20 ਜੁਲਾਈ (ਮਨਜੀਤ ਸਿੱਧੂ)- ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਬਲਾਇਡਨੈਸ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ ਲੋਕਾਂ ਨੂੰ ਬਿਹਤਰ ਨੇਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਡਾ. ਹਰਸ਼ਪ੍ਰੀਤ ਕੌਰ ਮਹਿੰਦਰਾ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਅੱਖਾਂ ਦੇ ਮੁਫ਼ਤ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ।ਇਹ ਕੈਂਪ ਮਿਤੀ 15 ਸਤੰਬਰ 2026 ਤੱਕ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦੀ ਜਾਂਚ, ਨਜ਼ਰ ਦੀਆਂ ਸਮੱਸਿਆਵਾਂ ਦੀ ਪਛਾਣ, ਮੋਤੀਆਬਿੰਦ ਦੇ ਮਰੀਜ਼ਾਂ ਦੀ ਸਕ੍ਰੀਨਿੰਗ ਅਤੇ ਹੋਰ ਨੇਤਰ ਰੋਗਾਂ ਸਬੰਧੀ ਸਲਾਹ ਦਿੱਤੀ ਜਾਵੇਗੀ। ਲੋੜਵੰਦ ਮਰੀਜ਼ਾਂ ਨੂੰ ਅਗਲੇ ਇਲਾਜ ਲਈ ਰੈਫਰ ਵੀ ਕੀਤਾ ਜਾਵੇਗਾ। ਡਾ. ਹਰਸ਼ਪ੍ਰੀਤ ਕੌਰ ਮਹਿੰਦਰਾ ਨੇ ਦੱਸਿਆ ਕਿ ਜ਼ਿਲ੍ਹਾ ਬਲਾਇਡਨੈਸ ਕੰਟਰੋਲ ਸੋਸਾਇਟੀ ਦਾ ਮੁੱਖ ਉਦੇਸ਼ ਲੋਕਾਂ ਤੱਕ ਉੱਚ ਗੁਣਵੱਤਾ ਵਾਲੀਆਂ ਨੇਤਰ ਸਿਹਤ ਸੇਵਾਵਾਂ ਪਹੁੰਚਾਉਣਾ ਅਤੇ ਅੰਨ੍ਹੇਪਣ ਦੀ ਰੋਕਥਾਮ ਲਈ ਸਮੇਂ ਸਿਰ ਜਾਂਚ ਅਤੇ ਇਲਾਜ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਅੱਖਾਂ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰਨ। ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਅੱਖਾਂ ਦੀਆਂ ਕਈ ਗੰਭੀਰ ਬਿਮਾਰੀਆਂ ਤੋਂ ਬਚਾਅ ਸੰਭਵ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸਮੂਹ ਪਿੰਡ ਵਾਸੀਆਂ ਨੂੰ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋਣ ਅਤੇ ਨੇਤਰ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ ਗਈ ਹੈ।






