ਸ਼੍ਰੀ ਮੁਕਤਸਰ ਸਾਹਿਬ, 03 ਜੁਲਾਈ ()-ਪੰਜਾਬ ਅੰਦਰ 2027 ਦੀਆਂ ਚੋਣਾਂ ਨੂੰ ਲੈ ਕੇ ਦਿਨ ਪ੍ਰਤਿ ਦਿਨ ਸਿਆਸਤ ਭੱਖਦੀ ਹੋਈ ਨਜ਼ਰ ਆ ਰਹੀ ਹੈ ਤੇ ਹਰ ਪਾਰਟੀ ਵੱਲੋਂ ਪੂਰੇ ਜ਼ੋਰਾ ਸ਼ੋਰਾਂ ਨਾਲ 2027 ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਇੱਕ ਰਾਜਨੀਤਿਕ ਮੌੜ ਦੇਖਣ ਨੂੰ ਮਿਲਿਆ, ਜਿਥੇ ਕਿ ਆਲ ਇੰਡੀਆ ਮੱਜ਼੍ਹਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਰਜ਼ਿ: ਭਾਈਚਾਰੇ ਵੱਲੋਂ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਕਿ 2027 ਵਿੱਚ ਪੰਜਾਬ ਦਾ ਮੁੱਖ ਮੰਤਰੀ ਐਸ.ਸੀ. ਭਾਈਚਾਰੇ ਨਾਲ ਸਬੰਧਿਤ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਜੋ ਕਿ ਸਾਬਕਾ ਵਿਧਾਇਕ ਸਰਦੂਲ ਸਿੰਘ ਬੰਡਾਲਾ ਸਪੁੱਤਰ ਨੂੰ ਬਣਾਇਆ ਜਾਵੇ। ਇਸੇ ਸਬੰਧ ਵਿੱਚ ਅੱਜ ਪੂਰੇ ਪੰਜਾਬ ਅੰਦਰ ਐਸ ਸੀ ਭਾਈਚਾਰੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਸ਼੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਦੇ ਮਹਾਂ ਸਮੇਲਨ ਸਬੰਧੀ ਇੱਕ ਮੀਟਿੰਗ 06 ਜੁਲਾਈ 2025 ਨੂੰ ਸ਼੍ਰੀ ਦਰਬਾਰ ਸਾਹਿਬ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 11 ਵਜੇ ਐਸ ਸੀ ਭਾਈਚਾਰੇ ਦੇ ਜਰਨਲ ਸਕੱਤਰ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਦੀ ਪ੍ਰਧਾਨਗੀ ਵਿੱਚ ਹੋਵੇਗੀ, ਜਿਸ ਵਿੱਚ ਪੰਜਾਬ ਪੱਧਰੀ ਐਸ.ਸੀ. ਭਾਈਚਾਰਾ ਐਸੋਸੀਏਸ਼ਨ ਪੰਜਾਬ ਦੇ ਆਹੁਦੇਦਾਰ ਸ਼ਿਰਕਤ ਕਰਨਗੇ। ਇਸ ਮੌਕੇ ਐਸੋਸੀਏਸ਼ਨ ਵਿੱਚ ਨਿਯੁਕਤੀਆਂ ਕਰਨ ਸਬੰਧੀ ਤੇ ਹੋਰ ਭਖਦੇ ਮੁੱਦਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਜਰਨਲ ਸਕੱਤਰ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਨੇ ਐਸ.ਸੀ. ਭਾਈਚਾਰੇ ਦੇ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਿਤ ਆਹੁਦੇਦਾਰਾਂ ਤੇ ਮੈਬਰਾਂ ਨੂੰ ਮੀਟਿੰਗ ’ਚ ਪਹੁੰਚਣ ਦੀ ਅਪੀਲ ਕੀਤੀ ਹੈ।





