ਸ਼੍ਰੀ ਮੁਕਤਸਰ ਸਾਹਿਬ, 03 ਜੁਲਾਈ ( ਮਨਪ੍ਰੀਤ ਮੋਨੂੰ ) – ਭਾਰਤੀ ਜਨਤਾ ਪਾਰਟੀ ਦੇ ਚੜਦੀ ਕਲਾ ਮੰਡਲ ਦੇ ਸਾਬਕਾ ਪ੍ਰਧਾਨ ਰਾਜ ਭਟੇਜਾ ਮੇਲੂ ਵੱਲੋਂ ਬੀਤੀ ਰਾਤ ਲੁੱਟ ਦਾ ਸ਼ਿਕਾਰ ਹੋਏ ਦੁਕਾਨਦਾਰ ਰਾਕੇਸ਼ ਮਦਾਨ ਨਾਲ ਮਿਲ ਕੇ ਇਸ ਵਾਰਦਾਤ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।
ਉਹਨਾਂ ਨੇ ਦਿਨ ਬ ਦਿਨ ਵੱਧ ਰਹੀਆਂ ਚੋਰੀ ਅਤੇ ਲੁੱਟ ਦੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਦੇ ਨਾਲ ਹੀ ਦੁਕਾਨਦਾਰਾਂ ਨੂੰ ਵੀ ਆਪਣੀ ਸੁਰੱਖਿਆ ਵੱਲ ਖੁਦ ਹੀ ਧਿਆਨ ਦਿੱਤੇ ਜਾਣ ਦੀ ਅਪੀਲ ਵੀ ਕੀਤੀ। ਰਾਜ ਭਟੇਜਾ ਮੇਲੂ ਨੇ ਕਿਹਾ ਕਿ ਸ਼ਰਾਰਤੀ ਕਿਸਮ ਦੇ ਅਨਸਰ ਸੋਚੀ ਸਮਝੀ ਸਾਜਿਸ਼ ਅਧੀਨ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਲਈ ਆਮ ਲੋਕ ਖ਼ਾਸ ਕਰਕੇ ਵਪਾਰੀ ਵਰਗ ਨੂੰ ਆਪਣੇ ਆਸਪਾਸ ਸ਼ੱਕੀ ਕਿਸਮ ਦੇ ਵਿਅਕਤੀ ਨੂੰ ਦੇਖਦਿਆਂ ਹੀ ਚੁਕੰਨੇ ਹੋਣ ਦੀ ਲੋੜ ਹੈ। ਵਪਾਰੀ ਵਰਗ ਨੂੰ ਚਾਹੀਦਾ ਹੈ ਕਿ ਉਹ ਰਾਤ ਸਮੇਂ ਘਰ ਨੂੰ ਜਾਣ ਲੱਗਿਆਂ ਹਰ ਦਿਨ ਆਪਣਾ ਰਸਤਾ ਬਦਲਣ ਕਿਉਂਕਿ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਰੇਕੀ ਹੋਣ ਤੋਂ ਬਚਿਆ ਜਾ ਸਕਦਾ। ਜੇਕਰ ਵਪਾਰੀ ਕੋਲੇ ਵੱਡੀ ਸੰਖਿਆ ਵਿੱਚ ਨਗਦੀ ਹੈ ਤਾਂ ਉਸ ਨੂੰ ਸੁਨਸਾਨ ਵਾਲੀ ਜਗ੍ਹਾ ਦੀ ਥਾਂ ਤੇ ਭੀੜ ਭਾੜ ਵਾਲੀ ਜਗ੍ਹਾ ਤੇ ਆਉਣ ਜਾਣ ਦਾ ਰਸਤਾ ਅਪਣਾਉਣਾ ਚਾਹੀਦਾ, ਬਲਕਿ ਦੁਕਾਨਦਾਰਾਂ ਨੂੰ ਸਮੇਂ ਸਿਰ ਦੁਕਾਨਾਂ ਬੰਦ ਕਰਨੀਆਂ ਚਾਹੀਦੀਆਂ ਨੇ। ਉਹਨਾਂ ਨੇ ਪੰਜਾਬ ਸਰਕਾਰ ਤੋਂ ਵੀ ਅਪੀਲ ਕੀਤੀ ਹੈ ਕਿ ਚੋਰੀ ਅਤੇ ਲੁੱਟ ਦੀਆਂ ਘਟਨਾਵਾਂ ਆਮ ਜਨ ਅਤੇ ਵਪਾਰੀ ਵਰਗ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰਹੀਆਂ ਹਨ। ਇਸ ਲਈ ਪੰਜਾਬ ਸਰਕਾਰ ਨੂੰ ਆਮਜਨ ਦੇ ਨਾਲ ਹੀ ਵਪਾਰੀ ਵਰਗ ਦੀ ਸੁਰੱਖਿਆ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ। ਇਸ ਮੌਕੇ ਤੇ ਭਾਜਪਾ ਆਗੂਆਂ ਵਿੱਚ ਵਿਕਰਾਂਤ ਤੇਰੀਆ, ਹੱਣੀ ਕਾਉਣੀ ਅਤੇ ਵਿਕਾਸ ਸ਼ੁਕਲਾ ਵੀ ਮੌਜੂਦ ਸਨ।






