ਸ਼੍ਰੀ ਮੁਕਤਸਰ ਸਾਹਿਬ, 04 ਜੁਲਾਈ (ਗੁਰਮੀਤ ਕੁਮਾਰ)- ਇਸ ਸਮੇਂ ਪੇਂਡੂ ਖੇਤਰਾਂ ਵਿੱਚ ਸਵੱਛ ਭਾਰਤ ਮੁਹਿੰਮ ਦਾ ਦੀਵਾਲਾ ਨਿਕਲਿਆ ਪਿਆ ਹੈ। ਇਸ ਦੀ ਮਿਸਾਲ ਪੇਂਡੂ ਖੇਤਰਾਂ ਦੇ ਛੱਪੜਾਂ ’ਚੋ ਮਿਲਦੀ ਹੈ। ਕਿਉਂਕਿ ਕਈ ਪਿੰਡਾਂ ਦੇ ਛੱਪੜਾਂ ਵਿੱਚ ਬੇਹੱਦ ਗੰਦਾ ਪਾਣੀ ਖੜ੍ਹਾ ਹੈ ਅਤੇ ਪਾਣੀ ਵਿਚੋਂ ਬਦਬੂ ਆ ਰਹੀ ਹੈ। ਸਿਰਫ਼ ਇੰਨਾਂ ਹੀ ਨਹੀਂ ਪਾਣੀ ਦੇ ਅੰਦਰ ਵੀ ਘਾਂਹ ਬੂਟੀ ਉੱਗੀ ਪਈ ਹੈ। ਕਈ ਪਿੰਡਾਂ ਦੇ ਛੱਪੜਾਂ ਵਿੱਚ ਪਾਣੀ ਖਰਾਬ ਹੋ ਕੇ ਕਾਲਾ ਹੋ ਚੁੱਕਾ ਹੈ, ਅਤੇ ਕਈ ਛੱਪੜਾਂ ਵਿਚ ਪਾਣੀ ਦਾ ਰੰਗ ਹਰਾ ਹੋਇਆ ਪਿਆ ਹੈ। ਜਿਸ ਨੂੰ ਵੇਖ ਕੇ ਤਾ ਇੰਨ ਲੱਗ ਰਿਹਾ ਹੈ ਕਿ ਜਿਵੇਂ ਸਵੱਛ ਭਾਰਤ ਮੁਹਿੰਮ ਨੂੰ ਗ੍ਰਹਿਣ ਲੱਗ ਗਿਆ ਹੋਵੇ। ਹਲਾਕਿ ਕਿ ਹੁਣ ਪੰਜਾਬ ਵਿੱਚ ਮੋਨਸੂਨ ਪੌਣਾ ਆ ਚੁੱਕੀਆਂ ਤੇ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ਾ ਵੀ ਆਉਣਗੀਆਂ ਤੇ ਇਹ ਛੱਪੜਾ ਹੋਰ ਵੀ ਖਤਰਨਾਕ ਰੂਪ ਧਾਰਨ ਕਰ ਸਕਦੇ ਹਨ।
ਭਿਆਨਕ ਬਿਮਾਰੀਆਂ ਦੀ ਜੜ੍ਹ
ਜੇਕਰ ਵੇਖਿਆ ਜਾਵੇ ਤਾਂ ਛੱਪੜਾਂ ਵਿੱਖ ਖੜ੍ਹਾ ਗੰਦਾ ਪਾਣੀ ਬੇਹੱਦ ਖਤਰਨਾਕ ਬਿਮਾਰੀਆਂ ਵਿੱਚ ਜ਼ੋਰਦਾਰ ਵਾਧਾ ਕਰ ਰਿਹਾ ਹੈ ਅਤੇ ਮਨੁੱਖੀ ਸਿਹਤ ਲਈ ਇਹ ਗੰਦਾ ਪਾਣੀ ਬੇਹੱਦ ਖਤਰਨਾਕ ਸਾਬਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਵਿਧਾਨ ਸਭਾ ਹਲਕਿਆਂ ਸ਼੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਅਧੀਨ ਆਉਂਦੇ ਕਈ ਪਿੰਡ ਹਨ। ਹਰੇਕ ਪਿੰਡ ਵਿੱਚ ਇੱਕ ਇੱਕ ਛੱਪੜ ਤਾਂ ਹੈ ਹ ੀ ਪਰ ਵੱਡੇ ਪਿੰਡਾਂ ਵਿੱਚ ਦੋ ਦੋ ਛੱਪੜ ਵੀ ਹਨ। ਬਹੁਤ ਹੀ ਘੱਟ ਅਜਿਹੇ ਪਿੰਡ ਹਨ, ਜਿਥੇ ਛੱਪੜਾਂ ਵਿੱਚ ਪਾਣੀ ਸਾਫ਼ ਸੁਥਰਾ ਹੋਵੇ ਜਾਂ ਛੱਪੜਾਂ ਦਾ ਆਲਾ ਦੁਆਲਾ ਵੀ ਸਾਫ਼ ਸੁਥਰਾ ਹੋਵੇ। ਬਹੁਤੇ ਪਿੰਡਾਂ ਵਿੱਚ ਤਾਂ ਛੱਪੜਾਂ ਵਿੱਚ ਗੰਦਾ ਪਾਣੀ ਹੀ ਖੜ੍ਹਾ ਹੈ। ਘਰਾਂ ਦਾ ਗੰਦਾ ਪਾਣੀ ਨਾਲੀਆਂ ਰਾਹੀਂ ਹੋ ਕੇ ਕਈ ਥਾਵਾਂ ’ਤੇ ਛੱਪੜਾਂ ਵਿੱਚ ਹੀ ਪਾਇਆ ਜਾਂਦਾ ਹੈ।
ਨੇੜੇ ਦੇ ਘਰਾਂ ਵਾਲੇ ਹੋਰ ਵੀ ਪ੍ਰੇਸ਼ਾਨ
ਜਿਨ੍ਹਾਂ ਲੋਕਾਂ ਦੇ ਘਰ ਛੱਪੜਾਂ ਦੇ ਨੇੜੇ ਹਨ, ਉਨ੍ਹਾਂ ਲੋਕਾਂ ਦੇ ਨੱਕ ਵਿੱਚ ਦਮ ਆਇਆ ਪਿਆ ਹੈ। ਲੋਕਾਂ ਨੇ ਪ੍ਰਸਾਸ਼ਨ ਤੱਕ ਇਸ ਮਸਲੇ ਨੂੰ ਲੈ ਕੇ ਕਈ ਵਾਰ ਫਰਿਆਦ ਵੀ ਕੀਤੀ ਹੈ, ਪਰ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ।
ਪੈਸਾ ਜਾਂਦਾ ਕਿੱਥੇ ਹੈ?
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਪੇਂਡੂ ਛੱਪੜਾਂ ਦੀ ਸਾਫ ਸਫਾਈ ਲਈ ਲੱਖਾਂ ਰੁਪਏ ਸਰਕਾਰੀ ਖਜਾਨੇ ਵਿੱਚ ਹਰ ਸਾਲ ਰੱਖਦੀ ਹੈ। ਇਨ੍ਹਾਂ ਪੈਸਿਆਂ ਨਾਲ ਛੱਪੜਾਂ ਦੀ ਸਾਫ ਸਫਾਈ ਕਰਵਾਈ ਜਾਣੀ ਹੁੰਦੀ ਹੈ, ਅਤੇ ਗੰਦਾ ਪਾਣੀ ਬਾਹਰ ਕੱਢਣਾ ਹੁੰਦਾ ਹੈ। ਪਰ ਜ਼ਿਆਦਾ ਥਾਵਾਂ ’ਤੇ ਇਹ ਕੰਮ ਕਾਗਜ਼ਾਂ ਪੱਤਰਾਂ ਵਿੱਚ ਹੀ ਪੂਰਾ ਹੋ ਜਾਂਦਾ ਹੈ। ਜਦੋਂ ਕਿ ਪੇਂਡੂ ਛੱਪੜਾਂ ਵਿੱਚ ਗੰਦੇ ਪਾਣੀ ਦਾ ਮਸਲਾ ਜਿਉਂ ਦਾ ਤਿਉਂ ਹੈ।
ਕਾਲੇ ਪੀਲੀਏ ਤੇ ਕੈਂਸਰ ਵਰਗੀਆਂ ਬਿਮਾਰੀਆਂ ਨੇ ਪਾਇਆ ਘੇਰਾ
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਪ੍ਰਦੂਸ਼ਿਤ ਅਤੇ ਗੰਦਲੇ ਹੋਏ ਵਾਤਾਵਰਣ ਕਾਰਨ ਸੈਕੜੇ ਲੋਕਾਂ ਨੂੰ ਪਹਿਲਾਂ ਹੀ ਨਾਮੁਰਾਦ ਬਿਮਾਰੀਆਂ ਕੈਂਸਰ, ਕਾਲਾ ਪੀਲੀਆ, ਦਿਲ ਦੀਆਂ ਬਿਮਾਰੀਆਂ, ਗੁਰਦਿਆ ਦੀਆਂ ਬੀਮਾਰੀਆਂ, ਹੱਡੀਆਂ ਦੀਆਂ ਬੀਮਾਰੀਆਂ ਤੇ ਸ਼ੂਗਰ ਆਦਿ ਬੀਮਾਰੀਆਂ ਨੇ ਘੇਰਾ ਪਾਇਆ ਹੋਇਆ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਲਸਿਲਾ ਅਜੇ ਵੀ ਖਤਮ ਨਹੀਂ ਹੋਇਆ, ਅਨੇਕਾਂ ਲੋਕ ਵੱਖ ਵੱਖ ਬੀਮਾਰੀਆਂ ਤੋਂ ਅਜੇ ਵੀ ਪੀੜ੍ਹਤ ਹਨ।
ਕੁਝ ਸਕੂਲਾਂ ਦੇ ਨਾਲ ਲੱਗਦੇ ਹਨ ਛੱਪੜ
ਕਈ ਅਜਿਹੇ ਪਿੰਡ ਹਨ ਜਿਥੇ ਛੱਪੜ ਜਾਂ ਛੱਪੜੀਆਂ ਸਰਕਾਰੀ ਸਕੂਲਾਂ ਦੇ ਬਿਲਕੁਲ ਨਾਲ ਹਨ ਤੇ ਗੰਦੇ ਪਾਣੀ ਨਾਲ ਭਰੇ ਪਏ ਹਨ। ਅਜਿਹੇ ਪਿੰਡਾਂ ਵਿੱਚ ਲੱਖੇਵਾਲੀ, ਮਹਾਂਬੱਧਰ, ਭੰਗਚੜ੍ਹੀ, ਰਹੁੜਿਆਂਵਾਲੀ, ਭਾਗਸਰ, ਚੱਕ ਦੂਹੇਵਾਲਾ ਤੇ ਹੋਰ ਕਈ ਪਿੰਡਾਂ ਦੇ ਨਾਮ ਸ਼ਾਮਿਲ ਹਨ। ਗੰਦੇ ਪਾਣੀ ਤੋਂ ਮੱਛਰ ਅਤੇ ਮੱਖੀਆਂ ਆਦਿ ਪੈਦਾ ਹੁੰਦੀਆਂ ਹਨ ਤੇ ਕਈ ਤਰ੍ਹਾਂ ਦੇ ਜ਼ਹਿਰੀਲੇ ਮੱਛਰ ਲੋਕਾਂ ਦੇ ਲੜ ਕੇ ਬੀਮਾਰੀਆਂ ਵਿੱਚ ਵਾਧਾ ਕਰਦੇ ਹਨ। ਇਨ੍ਹਾਂ ਪੇਂਡੂ ਛੱਪੜਾਂ ਦੀ ਦਿਖ ਨੂੰ ਸੰਵਾਰਨ ਲਈ ਨਾ ਤਾਂ ਕਈ ਪਿੰਡਾਂ ਦੀਆਂ ਪੰਚਾਇਤਾਂ ਕੰਮ ਕਰ ਰਹੀਆਂ ਹਨ ਤੇ ਨਾ ਹੀ ਪ੍ਰਸਾਸ਼ਨ ਦੇ ਅਧਿਕਾਰੀ ਅਤੇ ਸਰਕਾਰ ਇਸ ਪਾਸੇ ਧਿਆਨ ਦੇ ਰਹੀ ਹੈ। ਕੁਝ ਮਿਲਾ ਕੇ ਪੇਂਡੂ ਛੱਪੜਾਂ ਦੀ ਕਿਸੇ ਨੇ ਸਾਰ ਨਹੀਂ ਲਈ। ਜਦੋਂ ਕਿ ਕਿਸੇ ਸਮੇਂ ਵਿੱਚ ਇਹ ਛੱਪੜ ਅਤੇ ਛੱਪੜੀਆਂ ਪੰਜਾਬ ਸੱਭਿਆਚਾਰ ਅਤੇ ਵਿਰਸੇ ਵਿੱਚ ਇੱਕ ਖਾਸ ਸਥਾਨ ਰੱਖਦੇ ਸਨ ਤੇ ਇਨ੍ਹਾਂ ਛੱਪੜਾਂ ’ਤੇ ਖੂਬ ਰੌਣਕਾਂ ਹੁੰਦੀਆਂ ਸਨ। ਸਾਫ ਪਾਣੀ ਹੁੰਦਾ ਸੀ ਤੇ ਜਿਥੇ ਲੋਕ ਪਸ਼ੂਆਂ ਨੂੰ ਇਨ੍ਹਾਂ ਛੱਪੜਾਂ ਵਿੱਚ ਪਾਣੀ ਪਿਲਾਉਣ ਅਤੇ ਨਹਾਉਣ ਲਈ ਲੈ ਕੇ ਆਉਂਦੇ ਸਨ।
ਸਿਹਤ ਵਿਭਾਗ ਪਾਉਂਦਾ ਹੈ ਦਵਾਈ
ਸਿਹਤ ਵਿਭਾਗ ਪੰਜਾਬ ਦੇ ਮੁਲਾਜ਼ਮ ਕਦੇ ਕਦੇ ਆ ਕੇ ਇਨ੍ਹਾਂ ਛੱਪੜਾਂ ਵਿੱਚ ਦਵਾਈ ਜਾਂ ਕਾਕਾ ਤੇਲ ਪਾ ਜਾਂਦੇ ਹਨ, ਪਰ ਇਹ ਮਸਲੇ ਦਾ ਹੱਲ ਨਹੀਂ ਹੈ, ਕਿਉਂਕਿ ਛੱਪੜਾਂ ਵਿੱਚ ਪਾਣੀ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਅਸਲ ਵਿੱਚ ਲੋਕ ਵੀ ਕਸੂਰਵਾਰ ਹਨ। ਕਿਉਂਕਿ ਹੁਣ ਘਰਾਂ ਦਾ ਗੰਦਾ ਪਾਣੀ ਨਾਲੀਆਂ ਰਾਹੀਂ ਛੱਪੜਾਂ ਵਿੱਚ ਹੀ ਪਾਇਆ ਜਾਂਦਾ ਹੈ।
ਕੈਪਸ਼ਨ: ਪੰਜਾਬ ਦੇ ਕੁਝ ਪਿੰਡਾਂ ਦੇ ਛੱਪੜਾਂ ਦੀ ਹਾਲਤ ਬਿਆਨ ਕਰਦੀਆਂ ਤਸਵੀਰਾਂ।
ਫੋਟੋ ਫਾਇਲ: ਐਮਕੇਐਸ 04-01





