ਦਰਬਾਰ ਸਾਹਿਬ ਨੂੰ ਜਾਂਦੀਆਂ ਸੜ੍ਹਕਾਂ ਟੁੱਟੀਆਂ ਤੇ ਪੁੱਟੀਆਂ, ਗਲੀਆਂ ’ਚ ਭਰਿਆ ਸੀਵਰੇਜ਼ ਦਾ ਗੰਦਾ ਪਾਣੀ

Spread the love
ਸ਼੍ਰੀ ਮੁਕਤਸਰ ਸਾਹਿਬ, 13 ਅਗਸਤ (ਗੁਰਮੀਤ ਵਰਮਾ)- ਭਾਵੇਂ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਸਾਸ਼ਨ, ਵਿਧਾਇਕ ਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਵੱਡੇ ਪੱਧਰ ’ਤੇ ਸ਼ਹਿਰ ਅੰਦਰ ਕਈ ਵਾਰ ਸਫਾਈ ਅਭਿਆਨ ਚਲਾਇਆ ਗਿਆ, ਪਰ ਇਹ ਅਭਿਆਨ ਸਿਰਫ਼ ਅਖਬਾਰਾਂ ਦੀਆਂ ਸੁਰਖੀਆਂ ਤੱਕ ਹੀ ਸੀਮਤ ਰਿਹਾ। ਹੁਣ ਤਾਂ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਹਲਾਤ ਇਸ ਤਰ੍ਹਾਂ ਦੇ ਹੋ ਚੁੱਕੇ ਹਨ ਕਿ ਸ਼ਹਿਰ ਦੀ ਹਰੇਕ ਗਲੀ ਮੁਹੱਲੇ ਵਿੱਚ ਗੰਦਗੀ ਦੇ ਢੇਰ ਤੇ ਸੀਵਰੇਜ ਦਾ ਪਾਣੀ ਹੀ ਦਿਖਾਈ ਦਿੰਦਾ ਹੈ। ਇਥੋਂ ਤੱਕ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀਆਂ ਗਲੀਆਂ ਟੁੱਟੀਆਂ ਤੇ ਪੁੱਟੀਆਂ ਹੋਈਆਂ ਅਤੇ ਕਈ ਗਲੀਆਂ ਵਿੱਚ ਸੀਵਰੇਜ਼ ਦਾ ਪਾਣੀ ਤਾਂਡਵ ਕਰਦਾ ਹੋਇਆ ਦਿਖਾਈ ਦਿੰਦਾ ਹੈ। ਜੇਕਰ ਸ਼੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਨੂੰ ਜਾਂਦੀ ਰਿਟਾ. ਡੀਟੀਓ ਗੁਰਚਰਨ ਸਿੰਘ ਸੰਧੂ ਵਾਲੀ ਗਲੀ ਦੀ ਗੱਲ ਕਰੀਏ ਤਾਂ ਇਥੇ ਹਰ ਸਮੇਂ ਸੀਵਰੇਜ਼ ਦਾ ਪਾਣੀ ਓਵਰਫਲੋਅ ਹੁੰਦਾ ਰਹਿੰਦਾ ਤੇ ਦਰਬਾਰ ਸਾਹਿਬ ਨੂੰ ਜਾਂਦੇ ਹੋਏ ਸ਼ਰਧਾਲੂ ਇਸ ਗੰਦੇ ਪਾਣੀ ਵਿਚੋਂ ਗੁਜ਼ਰਦੇ ਦਿਖਾਈ ਦਿੰਦੇ ਹਨ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਉਹ ਇਸ ਸਬੰਧੀ ਵਿਭਾਗ ਨੂੰ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਮਸਲਾ ਜਿਓੁ ਦਾ ਤਿਉਂ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ਼ ਦੇ ਪਾਣੀ ਕਾਰਨ ਉਨ੍ਹਾਂ ਦੇ ਮਹਿੰਗੇ ਭਾਅ ਦੇ ਮਕਾਨ ਦੇ ਰੇਟ ਕੌਡੀਆਂ ਦੇ ਭਾਅ ਹੋ ਚੁੱਕੇ ਹਨ ਤੇ ਫੈਲੇ ਹੋਏ ਗੰਦੇ ਪਾਣੀ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਹਨ। ਇਸ ਤੋਂ ਇਲਾਵਾ ਬੱਚੇ, ਬਜ਼ੁਰਗ ਤੇ ਔਰਤਾਂ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ। ਮੁਹੱਲਾ ਨਿਵਾਸੀਆਂ ਨੇ ਪ੍ਰਸਾਸ਼ਨ ਤੇ ਸਬੰਧਿਤ ਵਿਭਾਗ ਤੋ ਮੰਗ ਕੀਤੀ ਹੈ ਕਿ ਘੱਟ ਤੋਂ ਘੱਟ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੀਆਂ ਸੜ੍ਹਕਾਂ ਦੀ ਹਾਲਤ ਤਾਂ ਸੁਧਾਰੀ ਜਾਵੇ।
3 ਮਹੀਨੇ ਪਹਿਲਾਂ ਪਾਸ ਹੋਏ ਪ੍ਰਸਤਾਵ, ਪਰ ਵਿਭਾਗੀ ਪੱਧਰ ’ਤੇ ਨਹੀਂ ਮਿਲੀ ਪ੍ਰਵਾਨਗੀ: ਸ਼ੰਮੀ ਤੇਰੀਆ
ਉਧਰ ਸ਼੍ਰੀ ਮੁਕਤਸਰ ਸਾਹਿਬ ਦੇ ਅੰਦਰ ਸਾਫ਼ ਸਫਾਈ ਦਾ ਨਾਮ ਨਿਸ਼ਾਨ ਖਤਮ ਹੋ ਚੁੱਕਾ ਹੈ ਤੇ ਤੇ ਸ਼ਹਿਰ ਅੰਦਰ ਸਾਫ ਸਫਾਈ ਦੇ ਲਈ ਕਰਮਚਾਰੀਆਂ ਦੀ ਘਾਟ ਨੂੰ ਦੂਰ ਕਰਨ ਲਈ ਨਗਰ ਕੌਂਸਲ ਨੇ ਸਾਢੇ ਤਿੰਨ ਮਹੀਨੇ ਪਹਿਲਾਂ ਹਾਊਸ ਦੀ ਮੀਟਿੰਗ ’ਚ 100 ਕਰਮਚਾਰੀਆਂ ਦੀ ਭਰਤੀ ਕਰਨ ਦਾ ਪ੍ਰਸਤਾਵ ਪਾਸ ਕੀਤਾ ਸੀ, ਪਰ ਇਸ ਪ੍ਰਸਤਾਵ ਨੂੰ ਅਜੇ ਤੱਕ ਸਥਾਨਕ ਨਿਕਾਸੀ ਵਿਭਾਗ ਪੱਧਰ ’ਤੇ ਪ੍ਰਵਾਨਗੀ ਨਹੀਂ ਮਿਲੀ ਹੈ। ਸਫਾਈ ਪ੍ਰਣਾਲੀ ਢਹਿ-ਢੇਰੀ ਹੋ ਗਈ ਹੈ। ਸ਼ਹਿਰ ’ਚ ਸਫਾਈ ਕਰਮਚਾਰੀਆਂ ਦੀ ਘਾਟ ਕਾਰਨ ਹਰ ਪਾਸੇ ਗੰਦਗੀ ਫੈਲੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ 24 ਅਪ੍ਰੈਲ ਨੂੰ ਡੀਸੀ ਦੇ ਨਿਰਦੇਸ਼ਾਂ ਤੇ ਅੱਠ ਮਹੀਨਿਆਂ ਬਾਅਦ ਨਗਰ ਕੌਂਸਲ ਹਾਊਸ ਦੀ ਮੀਟਿੰਗ ਹੋਈ ਸੀ। ਸ਼ਹਿਰ ਵਾਸੀਆਂ ਵਿੱਚ ਉਤਸੁਕਤਾ ਸੀ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ, ਪਰ ਸਮੱਸਿਆਵਾਂ ਅਜੇ ਵੀ ਉਸੇ ਤਰ੍ਹਾਂ ਹੀ ਹਨ। ਇਹ ਵੀ ਇੱਕ ਵੱਡੀ ਤ੍ਰਾਸਦੀ ਹੈ ਕਿ ਨਗਰ ਕੌਂਸਲ ਨੇ ਸ਼ਹਿਰ ’ਚ ਕਿਤੇ ਵੀ ਡਸਟਬਿਨ ਨਹੀਂ ਲਗਾਏ ਹਨ। ਜਿਸ ਕਾਰਨ ਜਿਸਦਾ ਵੀ ਮਨ ਕਰਦਾ ਹੈ, ਉਹ ਸੜਕ ਦੇ ਵਿਚਕਾਰ ਬੋਤਲਾਂ ਜਾਂ ਹੋਰ ਕੂੜਾ ਸੁੱਟ ਦਿੰਦਾ ਹੈ ਅਤੇ ਚਲਾ ਜਾਂਦਾ ਹੈ। ਘਰ-ਘਰ ਜਾ ਕੇ ਇਕੱਠਾ ਕੀਤਾ ਜਾਣ ਵਾਲਾ ਕੂੜਾ ਵੀ ਰੋਜ਼ਾਨਾ ਨਹੀਂ ਚੁੱਕਿਆ ਜਾ ਰਿਹਾ। ਸ਼ਹਿਰ ’ਚ 31 ਵਾਰਡ ਹਨ ਅਤੇ ਇਸ ਸਮੇਂ ਲਗਭਗ 82 ਸਫਾਈ ਕਰਮਚਾਰੀ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ ਵਾਹਨਾਂ ਦੇ ਡਰਾਈਵਰ ਵੀ ਸ਼ਾਮਲ ਹਨ। ਇਸਦਾ ਮਤਲਬ ਹੈ ਕਿ ਕੂੜਾ ਇਕੱਠਾ ਕਰਨ ਲਈ ਕਰਮਚਾਰੀ ਘੱਟ ਹਨ। ਲੰਬਿਤ ਫਾਈਲਾਂ ਨੂੰ ਲੈ ਕੇ ਬਹੁਤ ਰਾਜਨੀਤੀ ਹੋਈ। ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਨੇ ਕਿਹਾ ਸੀ ਕਿ ਪ੍ਰਸਤਾਵਾਂ ਨੂੰ ਹਾਊਸ ਮੀਟਿੰਗ ਵਿੱਚ ਪਾਸ ਕਰ ਦਿੱਤਾ ਗਿਆ ਹੈ, ਪਰ ਹੁਣ ਵਿਧਾਇਕ ਤੋਂ ਮੰਗ ਹੈ ਕਿ ਉਹ ਮਨਜ਼ੂਰੀ ਦਵਾਉਣ। ਇਸ ਸਬੰਧੀ ਸ਼ਹਿਰ ਵਾਸੀ ਵੀ ਵਿਧਾਇਕ ਨੂੰ ਮਿਲੇ ਸੀ। ਜ਼ਿਕਰਯੋਗ ਹੈ ਕਿ ਸ਼ਹਿਰ ’ਚ ਸਫਾਈ ਕਰਮਚਾਰੀਆਂ ਦੀ ਘਾਟ ਕਾਰਨ ਸਫਾਈ ਦਾ ਬੁਰਾ ਹਾਲ ਹੈ।
ਸਫਾਈ ਪੱਖੋਂ ਮਾੜੇ ਸ਼ਹਿਰਾਂ ’ਚ ਸ਼ਾਮਿਲ ਹੋਇਆ ਸ਼ਹਿਰ
ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਨੂੰ ਵੀ ਸਫਾਈ ਦਰਜਾਬੰਦੀ ਵਿੱਚ ਸਭ ਤੋਂ ਮਾੜੇ ਸ਼ਹਿਰਾਂ ’ਚ ਸ਼ਾਮਲ ਕੀਤਾ ਗਿਆ ਹੈ। ਇਹ ਨੌਵੇਂ ਸਥਾਨ ਤੋਂ ਸਿੱਧਾ 150ਵੇਂ ਸਥਾਨ ਤੇ ਪਹੁੰਚ ਗਿਆ ਹੈ। ਸ਼ਹਿਰ ’ਚ ਜਨਤਕ ਪਖਾਨਿਆਂ ਦੀ ਹਾਲਤ ਵੀ ਮਾੜੀ ਹੈ। ਇੱਥੇ ਵੀ ਸਫਾਈ ਨਹੀਂ ਕੀਤੀ ਜਾ ਰਹੀ। ਲੋਕ ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਵਰਤੋਂ ਨਹੀਂ ਕਰ ਰਹੇ ਹਨ ਅਤੇ ਗੰਦਗੀ ਸਾਫ਼ ਕਰਨ ਦੀ ਬਜਾਏ ਪਖਾਨਿਆਂ ਨੂੰ ਤਾਲਾ ਲਗਾ ਦਿੱਤਾ ਗਿਆ ਹੈ। ਸ਼ਹਿਰ ਦੇ ਸ਼ੇਰ ਸਿੰਘ ਚੌਕ ’ਚ ਕੂੜੇ ਦਾ ਡੰਪ ਵੀ ਇਲਾਕੇ ਦੇ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। ਇਸਤੋਂ ਇਲਾਵਾ ਸ਼ਹਿਰ ਦੇ ਜਲਾਲਾਬਾਦ ਰੋਡ ਫਲਾਈਓਵਰ ਦੇ ਨੇੜੇ ਰੇਲਵੇ ਫਾਟਕ ਵੱਲ ਜਾਣ ਵਾਲੀਆਂ ਸੜਕਾਂ ਤੇ ਲੋਕ ਕੂੜਾ ਸੁੱਟ ਰਹੇ ਹਨ। ਲੋਕ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਦੀ ਗਲੀ ਵਿੱਚ ਵੀ ਕੂੜਾ ਸੁੱਟਦੇ ਹਨ। ਬੁੱੜਾ ਗੁੱਜਰ ਰੋਡ ’ਤੇ ਫਾਟਕ ਨੇੜੇ ਵੀ ਕੂੜਾ ਆਮ ਦੇਖਿਆ ਜਾਂਦਾ ਹੈ। ਅਬੋਹਰ ਰੋਡ, ਗੋਨਿਆਣਾ ਰੋਡ ਤੇ ਵੀ ਕੂੜੇ ਦੇ ਢੇਰ ਆਮ ਦੇਖੇ ਜਾਂਦੇ ਹਨ। ਇੰਨਾ ਹੀ ਨਹੀਂ, ਬੇਸਹਾਰਾ ਜਾਨਵਰ ਵੀ ਸ਼ਹਿਰ ’ਚ ਕੂੜੇ ਦੇ ਢੇਰਾਂ ’ਤੇ ਘੁੰਮਦੇ ਆਮ ਦੇਖੇ ਜਾਂਦੇ ਹਨ। ਅਧਿਕਾਰੀ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਉਸ ਪੱਧਰ ਤੇ ਕੰਮ ਨਹੀਂ ਕਰ ਰਹੇ ਜਿਸ ਕਾਰਨ ਸ਼ਹਿਰ ਦੀ ਹਾਲਤ ਵਿਗੜਦੀ ਜਾ ਰਹੀ ਹੈ। ਸ਼ਹਿਰ ਦੀਆਂ ਸੜਕਾਂ ਵੀ ਟੁੱਟੀਆਂ ਪਈਆਂ ਹਨ। ਨਗਰ ਕੌਂਸਲ ਨੇ ਅੱਠ ਸੜਕਾਂ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ ਹੈ। ਇਹ ਸਾਰੇ ਕੰਮ ਵਿਭਾਗ ਦੇ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਇਜਾਜ਼ਤ ਦੀ ਉਡੀਕ ਕਰ ਰਹੇ ਹਨ। ਡੀਸੀ ਦਫ਼ਤਰ ਨੇੜੇ ਜਲਾਲਾਬਾਦ ਰੋਡ, ਅਬੋਹਰ ਰੋਡ, ਬੁੱਢਾ ਗੁੱਜਰ ਰੋਡ, ਬਠਿੰਡਾ ਰੋਡ ਬਾਈਪਾਸ ਸਮੇਤ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ।
ਟੈਂਡਰ ਨਹੀਂ ਭਰੇ ਜਾ ਰਹੇ : ਸ਼ੰਮੀ ਤੇਰੀਆ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਨੇ ਕਿਹਾ ਕਿ 100 ਸਫਾਈ ਕਰਮਚਾਰੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸਦਾ ਪ੍ਰਸਤਾਵ ਪਾਸ ਹੋ ਗਿਆ ਹੈ। ਸਰਕਾਰ ਅਤੇ ਪ੍ਰਸ਼ਾਸਨ ਤੋਂ ਇਜਾਜ਼ਤ ਮਿਲਦੇ ਹੀ ਸਫਾਈ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਸ਼ਹਿਰ ਨੂੰ ਸਾਫ਼ ਰੱਖਣਾ ਸਾਡਾ ਪਹਿਲਾ ਫਰਜ਼ ਹੈ। ਇਸ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ’ਚ ਅੱਠ ਸੜਕਾਂ ਦੇ ਨਿਰਮਾਣ ਲਈ ਪ੍ਰਵਾਨਗੀ ਮਿਲ ਗਈ ਹੈ, ਜਿਸ ਲਈ ਇਨ੍ਹਾਂ ਦਿਨਾਂ ਵਿੱਚ ਟੈਂਡਰ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਪ੍ਰੈਲ ’ਚ ਹੋਈ ਕਮੇਟੀ ਹਾਊਸ ਦੀ ਮੀਟਿੰਗ ਵਿੱਚ ਸ਼ਹਿਰ ਦੀਆਂ ਸੜਕਾਂ, ਸੀਵਰ ਲਾਈਨਾਂ, ਸਫਾਈ ਕਰਮਚਾਰੀਆਂ ਦੀ ਭਰਤੀ, ਮਸ਼ੀਨਰੀ ਖਰੀਦਣ ਲਈ ਕਰੋੜਾਂ ਰੁਪਏ ਦੇ ਕੰਮਾਂ ਨੂੰ ਪਾਸ ਕੀਤਾ ਗਿਆ ਸੀ। ਪਰ ਹੁਣ ਤੱਕ ਜ਼ਿਆਦਾਤਰ ਕੰਮਾਂ ਲਈ ਪ੍ਰਵਾਨਗੀ ਨਹੀਂ ਮਿਲੀ ਹੈ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *