ਸ਼੍ਰੀ ਮੁਕਤਸਰ ਸਾਹਿਬ, 25 ਅਗਸਤ (ਮਨਪ੍ਰੀਤ ਮੋਨੂੰ)- ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਤੀਆਂ ਦੇ ਸਮਾਗਮ ਮੌਕੇ ਪੰਜਾਬ ਦੇ ਨਵੇਂ ਉਭਰਦੇ ਪੰਜਾਬੀ ਸਿੰਗਰ ਇੰਦਰ ਵੜੈਚ ਦੁਆਰਾ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਨਵੇਂ ਆ ਰਹੇ ਗੀਤਾਂ ਨਾਲ ਸੱਭਿਆਚਾਰਕ ਮੰਗ ਬੰਨਿਆ ਅਤੇ ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਾਰੇ ਵਿਦਿਆਰਥੀਆਂ ਨੂੰ ਝੂਮਣ ਲਗਾ ਦਿੱਤਾ। ਇਸ ਤੋਂ ਇਲਾਵਾ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਅਤੇ ਸਥਾਪਿਤ ਕਵੀਂ ਦਰਸ਼ਨ ਬੁੱਟਰ ਨੇ ਆਪਣੀਆਂ ਡੂੰਘੀਆਂ ਅਤੇ ਭਾਵਪੂਰਨ ਕਵਿਤਾਵਾਂ ਸੁਣਾ ਕੇ ਮੰਤਰ ਮੁੰਗਧ ਕੀਤਾ। ਡਾ. ਰੀਨਾ ਸ਼ਰਮਾ ਵੱਲੋਂ ਕਲਾਸੀਕਲ ਮਿਊਜ਼ਿਕ ਪੇਸ਼ ਕੀਤਾ ਗਿਆ ਅਤੇ ਕਾਲਜ ਵਿਦਿਆਰਥਣਾਂ ਦੁਆਰਾ ਲੋਕ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਨਾਵਲਕਾਰ ਕੰਵਰ ਜਸਵਿੰਦਰ ਸਿੰਘ ਨੇ ਸਮਾਗਮ ਵਿੱਚ ਪਹੁੰਚ ਕੇ ਪ੍ਰੋਗਰਾਮ ਦੀ ਸੋਭਾ ਨੂੰ ਵਧਾਇਆ। ਇਸ ਤੋਂ ਇਲਾਵਾ ਸੁਧਾਸ਼ੂ ਆਰੀਆ, ਪੁਸ਼ਪਿੰਦਰ ਰਾਣਾ, ਐ.ਡੀ.ਓ. ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਹਰਪ੍ਰੀਤ ਸੰਘਾ, ਡਾ. ਵਨੀਤਾ, ਤਰਲੋਕ ਬੰਧੂ ਅਤੇ ਰੀਤੂ ਨਦਾ ਵੀ ਵਿਸੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਸਟੇਜ਼ ਸੈਕਟਰੀ ਦੀ ਭੂਮਿਕਾ ਰਮਨ ਸਿੱਧੂ ਨੇ ਬਾਖੂਬੀ ਨਿਭਾਈ। ਸਮਾਗਮ ਦੇ ਅੰਤ ’ਚ ਕਾਲਜ ਪ੍ਰਿੰਸੀਪਲ ਡਾ. ਐਸ ਐਸ ਸੰਘਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।






