ਸ੍ਰੀ ਮੁਕਤਸਰ ਸਾਹਿਬ, ਅਗਸਤ, 25 ਅਗਸਤ (ਮਨਪ੍ਰੀਤ ਮੋਨੂੰ)- ਜਿਲ੍ਹਾ ਪੁਲਿਸ ਵੱਲੋ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਕਪਤਾਨ ਡਾ.ਅਖਿਲ ਚੌਧਰੀ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਚਲਦਿਆਂ ਅੱਜ ਜਿਲਾ ਪੁਲਿਸ ਵੱਲੋਂ ਡਰੱਗ ਇੰਸਪੈਕਟਰਾਂ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਸਬ ਡਿਵੀਜ਼ਨ ਮਲੋਟ ਵਿੱਚ 18 ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਹ ਮੁਹਿੰਮ ਜ਼ਿਲ੍ਹਾ ਦੇ ਸਬ ਡਵੀਜ਼ਨ ਮਲੋਟ ਦੇ ਇਲਾਕਿਆਂ ਵਿੱਚ ਚਲਾਈ ਗਈ, ਇਸ ਮੌਕੇ ਇਕਬਾਲ ਸਿੰਘ ਡੀ.ਐਸ.ਪੀ ( ਮਲੋਟ), ਐੱਸ.ਆਈ ਹਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਮਲੋਟ ਸਮੇਤ 50 ਪੁਲਿਸ ਅਧਿਕਾਰੀ/ਕਰਮਚਾਰੀ ਅਤੇ ਰਮਨਦੀਪ ਗੁਪਤਾ ਡਰੱਗ ਇੰਸਪੈਕਟਰ ਦੀਆਂ ਟੀਮਾਂ ਨੇ ਭਾਗ ਲਿਆ। ਟੀਮਾਂ ਵੱਲੋ ਮੈਡੀਕਲ ਸਟੋਰਾਂ ’ਤੇ ਪਹੁੰਚ ਕੇ ਦਵਾਈਆਂ ਦੇ ਸਟਾਕ ਰਜਿਸਟਰ, ਪ੍ਰਚੀ ਲਿਖਤ, ਮਾਨਤਾ ਪ੍ਰਾਪਤ ਲਾਇਸੰਸ, ਵਿਸ਼ੇਸ਼ ਤੌਰ ’ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਸੰਬੰਧੀ ਰਿਕਾਰਡ ਜਾਂਚਿਆ ਗਿਆ। ਚੈਕਿੰਗ ਟੀਮਾਂ ਨੇ ਕੁਝ ਥਾਵਾਂ ’ਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ ਦੇ ਨਮੂਨੇ ਵੀ ਉਠਾਏ। ਨਾਲ ਹੀ ਦਵਾਈਆਂ ਦੀ ਮਿਆਦ ਅਤੇ ਪੈਕਿੰਗ ਤੇ ਲਿਖੀ ਜਾਣਕਾਰੀ ਦੀ ਵੀ ਜਾਂਚ ਕੀਤੀ ਗਈ। ਇਹ ਚੈਕਿੰਗ ਸਿਰਫ਼ ਨਿਯਮਾਂ ਦੀ ਉਲੰਘਣਾ ਦੀ ਜਾਂਚ ਤੱਕ ਸੀਮਿਤ ਨਹੀਂ ਸੀ, ਸਗੋਂ ਇਸਦਾ ਮਕਸਦ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਉਪਲਬਧਤਾ ’ਤੇ ਨਿਗਰਾਨੀ ਰੱਖਣ ਦੇ ਨਾਲ ਨਾਲ, ਮੈਡੀਕਲ ਸਟੋਰਾਂ ਨੂੰ ਵੀ ਸੂਚਿਤ ਕਰਨਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਜਾਂਚਾਂ ਹੋਣਗੀਆਂ ਅਤੇ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੈਕਿੰਗ ਦੌਰਾਨ ਸਾਰੇ ਮੈਡੀਕਲ ਸਟੋਰਾਂ ਨੂੰ ਨਸ਼ਾ ਵਿਰੋਧੀ ਕਾਨੂੰਨ ਅਤੇ ਮੈਡੀਕਲ ਨਿਯਮਾਂ ਦੀ ਪੂਰੀ ਪਾਲਣਾ ਕਰਨ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ। ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਦੀ ਜਾਣਕਾਰੀ ਮਿਲਣ ’ਤੇ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਗਈ। ਪੁਲਿਸ ਕਪਤਾਨ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਪੁਲਿਸ ਵੱਲੋਂ 01 ਮੁਕਦਮਾ ਦਰਜ ਕਰਕੇ 02 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਪਾਸੋਂ 100 ਨਸ਼ੀਲੇ ਪ੍ਰੀਗਾਬਾਲਿਨ ਕੈਪਸੂਲ ਬਰਾਮਦ ਕੀਤੇ ਗਏ। ਇਹ ਕਾਰਵਾਈ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਪੁਲਿਸ ਵੱਲੋਂ ਸਮਾਜ ਨੂੰ ਨਸ਼ੇ ਤੋਂ ਮੁਕਤ ਕਰਨ ਦੀ ਦਿਸ਼ਾ ਵਿੱਚ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ, ਅਤੇ ਅਜਿਹੀਆਂ ਜਾਂਚਾਂ ਅੱਗੇ ਵੀ ਜਾਰੀ ਰਹਿਣਗੀਆਂ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵੀ ਥਾਂ ਨਸ਼ੀਲੀਆਂ ਦਵਾਈਆਂ ਦੀ ਗੈਰਕਾਨੂੰਨੀ ਵਿਕਰੀ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਬਿਨਾਂ ਝਿਜਕ ਪੁਲਿਸ ਨਾਲ ਸੰਪਰਕ ਕਰਨ। ਜਾਣਕਾਰੀ ਸਾਂਝੀ ਕਰਨ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।





