ਪੱਟੀ ਸਦੀਕ, 29 ਮਾਰਚ (ਬਲਕਰਨ ਸਿੰਘ ਮਸ਼ਾਲ)- ਇਸ ਵਾਰ 31 ਮਾਰਚ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਸਿੱਖਿਆਂ ਵਿਭਾਗ ਪੰਜਾਬ ਵੱਲੋਂ 28 ਮਾਰਚ ਨੂੰ ਹੀ ਆਪਦੇ ਸਕੂਲ ਦੀਆਂ ਨਾਨ- ਬੋਰਡ ਜਮਾਤਾਂ ਦੇ ਨਤੀਜੇ ਘੋਸ਼ਿਤ ਕਰਨ ਦੇ ਨਾਲ-ਨਾਲ ਮੈਗਾ ਪੀਟੀਐਮ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਨ੍ਹਾਂ ਹਦਾਇਤਾਂ ਦੀ ਪਾਲਣਾ ਹਿੱਤ ਸਕੂਲ ਆਫ਼ ਐਮੀਨੈਂਸ ਰਾਮਸਰਾ ਵਿਖੇ ਅੱਜ ਸਕੂਲ ਦੀਆਂ ਨਾਨ- ਬੋਰਡ ਜਮਾਤਾਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਪਹਿਲੇ, ਦੂਜੇ ਅਤੇ ਤੀਜੇ ਦਰਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਪ੍ਰਿੰਸੀਪਲ ਮੈਡਮ ਨਵਜੋਤ ਕੌਰ ਖਹਿਰਾ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਾਜੇਸ਼ ਸਿੰਵਰ ਅਤੇ ਸਕੂਲ ਸਟਾਫ਼ ਮੈਂਬਰਾਂ ਵੱਲੋਂ ਟਰਾਫੀਆਂ ਅਤੇ ਫੁੱਲਦਾਰ ਪੌਦਿਆ ਨਾਲ ਸਨਮਾਨਿਤ ਕੀਤਾ ਗਿਆ, ਇਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਇਸੇ ਤਰ੍ਹਾਂ ਮੱਲਾਂ ਮਾਰਦੇ ਰਹਿਣ ਲਈ ਪ੍ਰਿੰਸੀਪਲ ਮੈਡਮ ਵੱਲੋਂ ਪ੍ਰੇਰਿਤ ਕੀਤਾ ਗਿਆ। ਰਿਜਲਟ ਘੋਸ਼ਤ ਕਰਨ ਦੀ ਜਿੰਮੇਵਾਰੀ ਸਕੂਲ ਦੀ ਅੰਗਰੇਜ਼ੀ ਅਧਿਆਪਕਾ ਮੈਡਮ ਸੁਜਾਤਾ ਸੋਨੀ ਅਤੇ ਬਾਇਲੋਜੀ ਦੇ ਲੈਕਚਰਾਰ ਗੋਰੀ ਸ਼ੰਕਰ ਬਾਟੂ ਵੱਲੋਂ ਨਿਭਾਈ ਗਈ । ਸਕੂਲ ਵਿੱਚ ਹਾਜ਼ਰ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਹੋਰ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਸਕੂਲ ਵਿੱਚ ਬਣੀ ਨਵੀਂ ਬਿਲਡਿੰਗ ਦਾ ਦੋਰਾ ਕਰਵਾਇਆ ਗਿਆ ਅਤੇ ਉਨ੍ਹਾਂ ਲਈ ਰਿਫਰੈਸ਼ਮੈਂਟ ਦਾ ਵੀ ਵਧੀਆ ਇੰਤਜ਼ਾਮ ਕੀਤਾ ਗਿਆ।