ਸ੍ਰੀ ਕੀਰਤਪੁਰ ਸਾਹਿਬ,24 ਜੁਲਾਈ,(ਮਨਦੀਪ)=ਨੰਗਲ ਡੈਮ ਤੋਂ ਨਿਕਲਣ ਵਾਲੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ, ਜਿਸ ਦੀ ਦੇਖ ਰੇਖ ਪੀਐਸਪੀਸੀਐਲ ਵਿਭਾਗ ਕਰ ਰਿਹਾ ਹੈ, ਸ੍ਰੀ ਆਨੰਦਪੁਰ ਸਾਹਿਬ ਰਾਹੀਂ ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਲੋਹੰਡ ਖੱਡ ਤੱਕ ਆਉਂਦੀ ਹੈ ਅਤੇ ਉੱਥੇ ਇਸ ਦਾ ਪਾਣੀ ਮੁੜ ਸਤਲੁਜ ਦਰਿਆ ਵਿੱਚ ਮਿਲਾ ਦਿੱਤਾ ਜਾਂਦਾ ਹੈ, ਇਨ੍ਹਾਂ ਦਿਨਾਂ ਸਫ਼ਾਈ ਦੀ ਘਾਟ ਕਾਰਨ ਬੇਹੱਦ ਖ਼ਸਤਾਹਾਲ ਹੋ ਚੁੱਕੀ ਹੈ। ਸ੍ਰੀ ਕੀਰਤਪੁਰ ਸਾਹਿਬ ਦੇ ਕੋਲ ਨਹਿਰ ਦੇ ਦੋਵੇਂ ਕੰਢਿਆਂ ਦੀਆਂ ਪਟੜੀਆਂ, ਸਲੈਬਾਂ ਅਤੇ ਨਹਿਰ ਅੰਦਰ ਘਾਹ-ਫੂਸ, ਝਾੜੀਆਂ ਅਤੇ ਬੂਟੇ ਇਸ ਕਦਰ ਫੈਲ ਚੁੱਕਾ ਹੈ ਕਿ ਕਈ ਥਾਵਾਂ ‘ਤੇ ਪੂਰਾ ਇਲਾਕਾ ਜੰਗਲ ਵਰਗਾ ਦਿਖਾਈ ਦੇਣ ਲੱਗ ਪਿਆ ਹੈ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਲਾਂ ਤੋਂ ਸਫ਼ਾਈ ਨਾ ਹੋਣ ਕਾਰਨ ਕਈ ਥਾਵਾਂ ‘ਤੇ ਪਟੜੀਆਂ ਅਤੇ ਸੀਮੈਂਟ ਦੀਆਂ ਸਲੈਬਾਂ ਸੰਘਣੀਆਂ ਝਾੜੀਆਂ ਵਿੱਚ ਲੁਕ ਗਈਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਬੰਧਤ ਵਿਭਾਗ ਦੀ ਲਾਪਰਵਾਹੀ ਕਾਰਨ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ।ਇਹ ਨਹਿਰ ਪੀਐਸਪੀਸੀਐਲ ਵਿਭਾਗ ਦੁਆਰਾ ਬਿਜਲੀ ਉਤਪਾਦਨ ਲਈ ਵਰਤੀ ਜਾਂਦੀ ਹੈ ਅਤੇ ਲੋੜ ਅਨੁਸਾਰ ਸਮੇਂ-ਸਮੇਂ ‘ਤੇ ਇਸ ਵਿੱਚ ਪਾਣੀ ਬੰਦ ਅਤੇ ਚਾਲੂ ਕੀਤਾ ਜਾਂਦਾ ਹੈ। ਇਲਾਕਾ ਵਾਸੀਆਂ ਅਨੁਸਾਰ ਪਹਿਲਾਂ ਵਿਭਾਗ ਵੱਲੋਂ ਨਿਯਮਿਤ ਤੌਰ ‘ਤੇ ਨਹਿਰ ਦੇ ਦੋਵੇਂ ਕੰਢਿਆਂ ਅਤੇ ਸਲੈਬਾਂ ਦੀ ਸਫ਼ਾਈ ਕਰਵਾਈ ਜਾਂਦੀ ਸੀ, ਪਰ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਲਗਭਗ ਬੰਦ ਪਿਆ ਹੈ। ਨਤੀਜੇ ਵਜੋਂ ਵੱਡੇ-ਵੱਡੇ ਦਰੱਖਤ, ਬੂਟੇ ਅਤੇ ਝਾੜੀਆਂ ਪਟੜੀਆਂ ਦੇ ਨਾਲ-ਨਾਲ ਨਹਿਰ ਦੇ ਅੰਦਰ ਤੱਕ ਫੈਲ ਚੁੱਕੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਬਨਸਪਤੀ ਦੀਆਂ ਜੜ੍ਹਾਂ ਸਮੇਂ ਦੇ ਨਾਲ ਕੰਕਰੀਟ ਦੀ ਬਣਤਰ ਨੂੰ ਕਮਜ਼ੋਰ ਕਰ ਸਕਦੀਆਂ ਹਨ, ਜਿਸ ਨਾਲ ਸਲੈਬਾਂ ਅਤੇ ਕੰਧਾਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਵੱਧ ਜਾਂਦੀ ਹੈ।ਨਹਿਰ ਦੇ ਦੋਵੇਂ ਕੰਢਿਆਂ ਦੀਆਂ ਪਟੜੀਆਂ ਆਲੇ-ਦੁਆਲੇ ਦੇ ਕਈ ਪਿੰਡਾਂ ਲਈ ਮਹੱਤਵਪੂਰਨ ਸੰਪਰਕ ਮਾਰਗ ਹਨ। ਹਰ ਰੋਜ਼ ਸੈਂਕੜੇ ਪਿੰਡ ਵਾਸੀ, ਸਕੂਲੀ ਵਿਦਿਆਰਥੀ, ਕਿਸਾਨ ਅਤੇ ਹੋਰ ਰਾਹਗੀਰ ਇਨ੍ਹਾਂ ਰਸਤਿਆਂ ਦੀ ਵਰਤੋਂ ਕਰਦੇ ਹਨ। ਬਰਸਾਤ ਦੇ ਮੌਸਮ ਦੌਰਾਨ ਇਹ ਖ਼ਤਰਾ ਹੋਰ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਸੁੰਨਸਾਨ ਅਤੇ ਜੰਗਲ ਵਰਗੀ ਸਥਿਤੀ ਕਾਰਨ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਦੀ ਵੀ ਆਸ਼ੰਕਾ ਬਣੀ ਰਹਿੰਦੀ ਹੈ।ਲੋਕਾਂ ਨੇ ਇਹ ਵੀ ਦੱਸਿਆ ਕਿ ਨਹਿਰ ਅੰਦਰ ਉੱਗੀ ਜਲ-ਬਨਸਪਤੀ ਭਵਿੱਖ ਵਿੱਚ ਪਾਣੀ ਦੇ ਵਹਾਅ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ, ਜਿਸ ਨਾਲ ਨਹਿਰ ਦੀ ਸੰਭਾਲ ਅਤੇ ਸੁਰੱਖਿਆ ‘ਤੇ ਵੀ ਅਸਰ ਪੈ ਸਕਦਾ ਹੈ। ਜਦੋਂ ਇਸ ਸੰਬੰਧੀ ਪੀਐਸਪੀਸੀਐਲ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਐਸ ਈ ਨਵੀਨ ਮਲਹੋਤਰਾ ਜੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਛੇਤੀ ਹੀ ਟੈਂਡਰ ਅਵਾਰਡ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਇਸ ਜਗ੍ਹਾ ਦੀ ਸਫਾਈ ਕਰਵਾ ਦਿੱਤੀ ਜਾਵੇਗੀ ਅਤੇ ਕੁਝ ਥਾਵਾਂ ਤੇ ਜੋ ਅਣਸੁਰੱਖਿਅਤ ਹਨ ਉਨਾਂ ਜਗ੍ਹਾ ਤੇ ਆਪਣੇ ਮੁਲਾਜ਼ਮ ਭੇਜ ਕੇ ਥੋੜੇ ਦਿਨਾਂ ਚ ਸਫਾਈ ਕਰਵਾ ਦਿੱਤੀ ਜਾਵੇਗੀ।
ਫੋਟੋ ਕੈਪਸ਼ਨ: ਨਹਿਰ ਦੀਆਂ ਪਟੜੀਆਂ ਅਤੇ ਸਲੈਬਾਂ ‘ਤੇ ਤੇ ਉੱਗੀ ਘਾਹ-ਫੂਸ ਅਤੇ ਸੰਘਣੀਆਂ ਝਾੜੀਆਂ, ਜਿਸ ਕਾਰਨ ਪੂਰਾ ਇਲਾਕਾ ਜੰਗਲ ਵਰਗਾ ਦਿਖਾਈ ਦੇ ਰਿਹਾ ਹੈ।






